– ਡਰੇਨਾਂ ਦੀ ਮੌਜੂਦਾ ਸਥਿਤੀ ਸਬੰਧੀ ਰਿਪੋਰਟ ਮੰਗੀ, ਸਾਫ-ਸਫਾਈ ਵਿਚ ਤੇਜ਼ੀ ਲਿਆਉਣ ਲਈ ਕਿਹਾ
– ਵਿਭਾਗ ਦਾ ਸਾਰਾ ਰਿਕਾਰਡ ਅਤੇ ਕੰਮ ਕੰਪਿਊਟਰਾਈਜ਼ਡ ਕਰਨ ‘ਤੇ ਦਿੱਤਾ ਜ਼ੋਰ
– ਰਾਜਸਥਾਨ ਅਤੇ ਸਰਹੰਦ ਫੀਡਰ ਦੇ ਕੰਢਿਆਂ ‘ਤੇ ਸੈਰ-ਸਪਾਟਾ ਉਦਯੋਗ ਨੂੰ ਕੀਤਾ ਜਾਵੇਗਾ ਪ੍ਰਫੁੱਲਿਤ
– ਸਿੰਚਾਈ ਵਿਭਾਗ ਦੇ ਵੱਖ-ਵੱਖ ਵਿੰਗਾਂ ਦੇ ਚੀਫ ਇੰਜੀਨੀਅਰਾਂ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ
ਚੰਡੀਗੜ੍ਹ, 22 ਦਸੰਬਰ (ਵਿਸ਼ਵ ਵਾਰਤਾ) : ਪੰਜਾਬ ਦੇ ਸਿੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸਿੰਚਾਈ ਵਿਭਾਗ ਦੇ ਵੱਖ-ਵੱਖ ਵਿੰਗਾਂ ਦੇ ਚੀਫ ਇੰਜੀਨੀਅਰਾਂ ਨਾਲ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਰਾਜ ਵਿਚ ਚੱਲ ਰਹੇ ਵੱਖ-ਵੱਖ ਮਹੱਤਵਪੂਰਣ ਪ੍ਰੋਜੈਕਟਾਂ ਵਿਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਲੱਕ-ਪੱਖੀਂ ਇਨ੍ਹਾਂ ਪ੍ਰੋਜੈਕਟਾਂ ਨੂੰ ਸਮੇਂ-ਸਿਰ ਪੂਰਾ ਕਰਕੇ ਲੋਕ ਅਰਪਿਤ ਕੀਤੇ ਜਾ ਸਕਣ।
ਇੱਥੇ ਸਿੰਚਾਈ ਭਵਨ ਵਿਖੇ ਸਮੀਖਿਆ ਮੀਟਿੰਗ ਦੌਰਾਨ ਰਾਣਾ ਗੁਰਜੀਤ ਸਿੰੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਸੂਬੇ ਦੀਆਂ 8000 ਕਿਲੋਮੀਟਰ ਤੋਂ ਲੰਬੀਆਂ ਡਰੇਨਾਂ ਦੀ ਸਾਫ-ਸਫਾਈ ਦਾ ਬਹੁਤ ਬੁਰਾ ਹਾਲ ਹੈ ਇਸ ਲਈ ਡਰੇਨਾਂ ਦੀ ਸਾਫ-ਸਫਾਈ ਵਿਚ ਫੌਰੀ ਤੌਰ ‘ਤੇ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਡਰੇਨਾਂ ਦੀ ਮੌਜੂਦਾ ਸਥਿਤੀ ਸਬੰਧੀ ਇਕ ਹਫਤੇ ਵਿਚ ਰਿਪੋਰਟ ਵੀ ਮੰਗੀ ਹੈ। ਇਸ ਮੌਕੇ ਜਲ ਸੰਸਾਧਨ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਜਸਪਾਲ ਸਿੰਘ ਨੇ ਦੱਸਿਆ ਕਿ ਨਰੇਗਾ ਤਹਿਤ ਜਿਨ੍ਹਾਂ ਡਰੇਨਾਂ ਦੀ ਸਫਾਈ ਦਾ ਕੰਮ ਕੀਤਾ ਜਾ ਸਕਦਾ ਹੈ ਉਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸ੍ਰੀ ਜਸਪਾਲ ਸਿੰਘ ਨੇ ਵਿਭਾਗ ਦਾ ਸਾਰਾ ਰਿਕਾਰਡ ਅਤੇ ਕੰਮ ਕੰਪਿਊਟਰਾਈਜ਼ਡ ਕਰਨ ਬਾਬਤ ਸਿੰਚਾਈ ਮੰਤਰੀ ਨਾਲ ਵਿਚਾਰ-ਵਟਾਂਦਰਾ ਕੀਤਾ। ਰਾਣਾ ਗੁਰਜੀਤ ਸਿੰਘ ਨੇ ਉਨ੍ਹਾਂ ਦੀ ਇਸ ਤਜਵੀਜ਼ ਨੂੰ ਜਲਦ ਅਮਲੀ ਜਾਮਾ ਪਹਿਨਾਉਣ ਲਈ ਕਿਹਾ।
ਇਸ ਮੌਕੇ ਵੱਖ-ਵੱਖ ਵਿੰਗਾਂ ਦੇ ਚੀਫ ਇੰਜੀਨੀਅਰਾਂ ਨੇ ਸਿੰਚਾਈ ਮੰਤਰੀ ਨੂੰ ਵਿਕਾਸ ਪ੍ਰੋਜੈਕਟਾਂ ਦੀ ਸਥਿਤੀ ਬਾਰੇ ਜਾਣੂੰ ਕਰਵਾਇਆ। ਰਾਣਾ ਗੁਰਜੀਤ ਸਿੰਘ ਨੂੰ ਦੱਸਿਆ ਗਿਆ ਕਿ ਰਾਜਸਥਾਨ ਫੀਡਰ ਅਤੇ ਸਰਹੰਦ ਫੀਡਰ ਦੀ ਰੀਲਾਈਨਿੰਗ ਦਾ 1512 ਕਰੋੜ ਰੁਪਏ ਦਾ ਪ੍ਰੋਜੈਕਟ ਮਾਰਚ 2018 ਵਿਚ ਸ਼ੁਰੂ ਹੋ ਜਾਵੇਗਾ ਜੋ ਕਿ 3 ਸਾਲਾਂ ਵਿਚ ਪੂਰਾ ਹੋਵੇਗਾ। ਸਿੰਚਾਈ ਮੰਤਰੀ ਨੇ ਸ੍ਰੀ ਜਸਪਾਲ ਸਿੰਘ ਨੂੰ ਕਿਹਾ ਕਿ ਉਹ ਰਾਜਸਥਾਨ ਅਤੇ ਸਰਹੰਦ ਫੀਡਰ ਦੇ ਕੰਢਿਆਂ ‘ਤੇ ਸੈਰ-ਸਪਾਟਾ ਉਦਯੋਗ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਦੇ ਸੈਰ-ਸਪਾਟਾ ਵਿਭਾਗ ਨਾਲ ਮਿਲ ਕੇ ਇਕ ਯੋਜਨਾ ਤਿਆਰ ਕਰਨ ਜਿੱਥੇ ਕਿ ਪਾਣੀ ਵਾਲੀਆਂ ਅਤੇ ਅਡਵੈਂਚਰ ਖੇਡਾਂ ਵਿਕਸਿਤ ਕੀਤੀਆਂ ਜਾਣਗੀਆਂ।
ਸਿੰਚਾਈ ਮੰਤਰੀ ਨੂੰ ਦੱਸਿਆ ਗਿਆ ਕਿ ਸ਼ਾਹਪੁਰ ਕੰਢੀ ਬੈਰਾਜ ਪ੍ਰੋਜੈਕਟ ਵੀ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਬਿਸਤ ਦੋਆਬ ਪ੍ਰੋਜੈਕਟ ਦਾ ਬਾਕੀ ਰਹਿੰਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਨਾਬਾਰਡ ਤੋਂ 140 ਕਰੋੜ ਰੁਪਏ ਦਾ ਕਰਜ਼ਾ ਮੰਗਿਆ ਗਿਆ ਹੈ ਤਾਂ ਜੋ ਪ੍ਰੋਜੈਕਟ 2018-19 ਵਿਚ ਪੂਰਾ ਕੀਤਾ ਜਾ ਸਕੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਨੂੜ ਨਹਿਰ ਦੇ ਐਲਾਨੇ ਪ੍ਰੋਜੈਕਟ ਦੇ ਕੰਮ ਵਿਚ ਵੀ ਤੇਜ਼ੀ ਲਿਆਂਦੀ ਗਈ ਹੈ।
ਇਸ ਤੋਂ ਇਲਾਵਾ ਨਹਿਰੀ ਸਿੰਚਾਈ ਦੀਆਂ ਕਮੀਆਂ ਨੂੰ ਦੂਰ ਕਰਨ ਲਈ 8000 ਕਰੋੜ ਰੁਪਏ ਦੀ ਲਾਗਤ ਵਾਲੇ ਇਕ ਨਵੇਂ ਪ੍ਰੋਜੈਕਟ ਦੀ ਸੂਬੇ ਵਿਚ ਸ਼ੁਰੂਆਤ ਕੀਤੀ ਜਾਣੀ ਹੈ ਜਿਸ ਨਾਲ ਕਿ ਸੂਖਮ ਸਿੰਚਾਈ ਪ੍ਰਣਾਲੀ ਨੂੰ ਵਿਕਸਿਤ ਕੀਤਾ ਜਾਵੇਗਾ। ਕੰਢੀ ਨਹਿਰ ਪ੍ਰੋਜੈਕਟ ਜਿਸ ‘ਤੇ ਪੰਜਾਬ ਸਰਕਾਰ ਵੱਲੋਂ 600 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ, ਉੱਤੇ ਹੋਰ 60 ਕਰੋੜ ਰੁਪਏ ਖਰਚ ਕੇ ਅਗਲੇ ਵਿੱਤੀ ਵਰ੍ਹੇ ਵਿਚ ਪੂਰਾ ਕਰਨ ਦੀਆਂ ਯੋਜਨਾਵਾਂ ਹਨ ਤਾਂ ਜੋ ਉਸ ਖੇਤਰ ਦੇ ਸਾਰੇ 23000 ਹੈਕਟੇਅਰ ਖੇਤਰ ਨੂੰ ਸਿੰਚਾਈਯੋਗ ਬਣਾਇਆ ਜਾ ਸਕੇ।
ਇਸ ਮੌਕੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅਧਿਕਾਰੀਆਂ ਤੋਂ ਸਲਾਹਾਂ ਵੀ ਮੰਗੀਆਂ ਤਾਂ ਜੋ ਵਿਭਾਗ ਦੀ ਕਾਰਗੁਜ਼ਾਰੀ ਨੂੰ ਹੋਰ ਬੇਹਤਰ ਬਣਾਇਆ ਜਾ ਸਕੇ ਅਤੇ ਲੋਕ ਪੱਖੀ ਸਕੀਮਾਂ ਦਾ ਫਾਇਦਾ ਵੱਧ ਤੋਂ ਵੱਧ ਲੋਕਾਂ ਤੱਕ ਪੁੱਜਦਾ ਕੀਤਾ ਜਾ ਸਕੇ।