ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਪੀਸੀਏ ਦੇ ਪ੍ਰਧਾਨ ਗੁਲਜ਼ਾਰ ਇੰਦਰ ਚਹਿਲ ‘ਤੇ ਗੈਰ-ਕਾਨੂੰਨੀ ਗਤੀਵਿਧੀਆਂ ਦਾ ਲਗਾਇਆ ਦੋਸ਼
ਪੜ੍ਹੋ ਕੀ ਲਿਖਿਆ ਚਿੱਠੀ ਵਿੱਚ, ਬੀਸੀਸੀਆਈ ਕੋਲ ਮੁੱਦਾ ਚੁੱਕਣ ਦੀ ਕਹੀ ਗੱਲ
ਚੰਡੀਗੜ੍ਹ 8 ਅਕਤੂਬਰ(ਵਿਸ਼ਵ ਵਾਰਤਾ)-ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਭੱਜੀ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਗੁਲਜ਼ਾਰ ਇੰਦਰ ਚਾਹਲ ਵਿਚਾਲੇ ਅਣਬਣ ਹੋ ਗਈ ਹੈ। ਹਰਭਜਨ ਸਿੰਘ ਨੇ ਇਸ ਦਾ ਕਾਰਨ ਪੀਸੀਏ ਵਿੱਚ ਚੱਲ ਰਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਦੱਸਿਆ ਹੈ। ਇਸ ਸਬੰਧੀ ਉਨ੍ਹਾਂ ਨੇ ਐਸੋਸੀਏਸ਼ਨ ਦੇ ਬਾਕੀ ਮੈਂਬਰਾਂ ਨੂੰ ਪੱਤਰ ਵੀ ਲਿਖਿਆ ਹੈ। ਇਸ ਵਿੱਚ ਹਰਭਜਨ ਸਿੰਘ ਨੇ ਮੁੱਖ ਸਲਾਹਕਾਰ ਹੋਣ ਦੇ ਨਾਤੇ ਗੈਰ ਕਾਨੂੰਨੀ ਗਤੀਵਿਧੀਆਂ ਬਾਰੇ ਸਬੰਧਤ ਧਿਰਾਂ ਨੂੰ ਜਾਣੂ ਕਰਵਾਉਣਾ ਆਪਣਾ ਕਾਨੂੰਨੀ ਅਤੇ ਨੈਤਿਕ ਫਰਜ਼ ਦੱਸਿਆ ਹੈ।
ਹਰਭਜਨ ਸਿੰਘ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਉਨ੍ਹਾਂ ਨੂੰ ਪੀਸੀਏ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਸਬੰਧੀ ਕ੍ਰਿਕਟ ਪ੍ਰੇਮੀਆਂ ਅਤੇ ਸਬੰਧਤ ਧਿਰਾਂ ਵੱਲੋਂ ਕਈ ਸ਼ਿਕਾਇਤਾਂ ਮਿਲੀਆਂ ਹਨ। ਇਸ ਦੀ ਜ਼ਿੰਮੇਵਾਰੀ ਇਸ ਦੇ ਪ੍ਰਧਾਨ ਗੁਲਜ਼ਾਰ ਇੰਦਰਾ ਚਾਹਲ ਦੇ ਨਾਮ ਲਗਾਈ ਹੈ। ਭੱਜੀ ਨੇ ਕਿਹਾ ਕਿ ਪੀਸੀਏ ਆਪਣੇ ਹੱਕ ਵਿੱਚ ਵੋਟਾਂ ਪਾਉਣ ਲਈ ਲਗਭਗ 150 ਮੈਂਬਰਾਂ ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਵਿੱਚ ਹੈ।
ਹਰਭਜਨ ਸਿੰਘ ਭੱਜੀ ਨੇ ਕਿਹਾ ਕਿ ਇਹ ਐੱਪੈਕਸ ਕੌਂਸਲ ਦੀ ਸਹਿਮਤੀ ਅਤੇ ਆਮ ਚੋਣਾਂ ਅਤੇ ਵਕੀਲ ਦੀ ਸਲਾਹ ਤੋਂ ਬਿਨਾਂ ਕੀਤਾ ਜਾ ਰਿਹਾ ਹੈ। ਇਸ ਲਈ ਇਹ ਖੇਡ ਫੈਡਰੇਸ਼ਨ ਦੇ ਪ੍ਰਬੰਧਕੀ, ਬੀਸੀਸੀਆਈ ਦੇ ਸੰਵਿਧਾਨ ਅਤੇ ਪੀਸੀਏ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨੈਤਿਕ ਨਿਯਮਾਂ ਦੀ ਉਲੰਘਣਾ ਹੈ। ਹਰਭਜਨ ਸਿੰਘ ਨੇ ਇਸ ਮਾਮਲੇ ਨੂੰ ਜਲਦ ਹੀ ਬੀਸੀਸੀਆਈ ਕੋਲ ਲਿਜਾਣ ਦੀ ਗੱਲ ਕਹੀ ਹੈ।