ਰਾਜਸਥਾਨ ਹੋਇਆ ਕੁਦਰਤ ਦੇ ਕਹਿਰ ਦਾ ਸ਼ਿਕਾਰ
ਜੈਪੁਰ ਦੇ ਆਮੇਰ ਮਹਿਲ ‘ਤੇ ਡਿੱਗੀ ਬਿਜਲੀ
9 ਬੱਚਿਆਂ ਸਮੇਤ 22 ਲੋਕਾਂ ਦੀ ਮੌਤ
ਚੰਡੀਗੜ੍ਹ, 12 ਜੁਲਾਈ(ਵਿਸ਼ਵ ਵਾਰਤਾ)- ਰਾਜਸਥਾਨ ਐਤਵਾਰ ਨੂੰ ਕੁਦਰਤ ਦੇ ਕਹਿਰ ਦਾ ਸ਼ਿਕਾਰ ਹੋ ਗਿਆ। ਜੈਪੁਰ ਵਿੱਚ ਭਾਰੀ ਮੀਂਹ ਦੇ ਵਿਚਕਾਰ ਐਤਵਾਰ ਨੂੰ ਬਿਜਲੀ ਆਮੇਰ ਮਹਿਲ ਵਿੱਚ ਵਾਚ ਟਾਵਰ ਤੇ ਡਿੱਗ ਪਈ। ਮੌਸਮ ਵਿਚ ਤਬਦੀਲੀ ਆਉਣ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਆਮੇਰ ਦੀਆਂ ਪਹਾੜੀਆਂ ਦਾ ਦੌਰਾ ਕਰਨ ਪਹੁੰਚੇ ਸਨ। ਇਥੇ ਘੁੰਮ ਰਹੇ 35 ਤੋਂ ਵੱਧ ਸੈਲਾਨੀ ਇਸ ਵਿਚ ਫਸ ਗਏ। ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਵਿੱਚ ਕਈ ਲੋਕ ਪਹਾੜੀ ਦੇ ਹੇਠਾਂ ਝਾੜੀਆਂ ਵਿੱਚ ਡਿੱਗ ਪਏ। ਜ਼ਖਮੀਆਂ ਵਿਚੋਂ ਕਈਆਂ ਦੀ ਹਾਲਤ ਅਜੇ ਵੀ ਗੰਭੀਰ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹੈ। ਇਸ ਦੇ ਨਾਲ ਹੀ ਜੈਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਹੋਈ, ਇਸ ਦੌਰਾਨ 9 ਬੱਚਿਆਂ ਸਮੇਤ 22 ਵਿਅਕਤੀਆਂ ਦੀ ਵੱਖ-ਵੱਖ ਥਾਵਾਂ ਤੇ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ। ਕੋਟਾ ਵਿੱਚ 4 ਅਤੇ ਧੌਲਪੁਰ ਵਿੱਚ 3 ਬੱਚਿਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਤਿੰਨ ਵਿਅਕਤੀ ਵੀ ਬਿਜਲੀ ਦੀ ਚਪੇਟ ‘ਚ ਆਉਣ ਕਾਰਨ ਆਪਣੀ ਜਾਨ ਗੁਆ ਬੈਠੇ। ਇਸ ਦੌਰਾਨ ਜੈਪੁਰ ਵਿੱਚ ਵੱਧ ਤੋਂ ਵੱਧ 69 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ। ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰਾਜਸਥਾਨ ਦੇ ਮੁਖ ਮੰਤਰੀ ਨੇ ਮੌਤਾਂ ‘ਤੇ ਦੁਖ ਪ੍ਰਗਟ ਕੀਤਾ ਹੈ।