5 ਕਿਲੋ 100 ਗ੍ਰਾਮ ਅਫੀਮ ਸਮੇਤ ਕੰਟੇਨਰ ਚਾਲਕ ਗ੍ਰਿਫਤਾਰ
ਫ਼ਿਰੋਜ਼ਪੁਰ 28 ਜੁਲਾਈ (ਵਿਸ਼ਵ ਵਾਰਤਾ ) ਨਾਰਕੋਟਿਕ ਕੰਟਰੋਲ ਸੈੱਲ ਫਿਰੋਜ਼ਪੁਰ ਦੀ ਪੁਲਸ ਨੇ ਏ ਐੱਸ ਆਈ ਅੰਗਰੇਜ਼ ਸਿੰਘ ਦੀ ਅਗਵਾਈ ਹੇਠ ਰਾਜਸਥਾਨ ਤੋਂ ਅਫੀਮ ਦੀ ਡਿਲੀਵਰੀ ਦੇਣ ਆ ਰਹੇ ਕੰਟੇਨਰ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਡਿਲਿਵਰੀ ਲੈਣ ਵਾਲਾ ਵਿਅਕਤੀ ਫਰਾਰ ਹੈ ਜਿਸਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ l ਇਹ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਫਿਰੋਜ਼ਪੁਰ ਭਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਜਦੋਂ ਏਐਸਆਈ ਅੰਗਰੇਜ਼ ਸਿੰਘ ਪੁਲਸ ਪਾਰਟੀ ਦੇ ਨਾਲ ਪਾਇਲਟ ਚੌਕ ਫਿਰੋਜ਼ਪੁਰ ਛਾਉਣੀ ਵਿਖੇ ਗਸ਼ਤ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਸੂਰਜ ਕੁਮਾਰ ਵਾਸੀ ਗਲੀ ਡਾਕਖਾਨੇ ਵਾਲੀ ਸਿਟੀ ਫਿਰੋਜ਼ਪੁਰ ਅਫੀਮ ਵੇਚਣ ਦਾ ਧੰਦਾ ਕਰਦਾ ਹੈ ਅਤੇ ਉਸ ਨੂੰ ਅਫੀਮ ਦੀ ਡਿਲੀਵਰੀ ਦੇਣ ਲਈ ਸਤਿਆਵੀਰ ਸ਼ੇਖਾਵਤ ਪੁੱਤਰ ਮਗਨ ਸਿੰਘ ਸ਼ੇਖਾਵਤ ਵਾਸੀ ਬਾਲਵਾਰ ਨੀਮਕੀ ਜ਼ਿਲ੍ਹਾ ਸੀਕਰ (ਰਾਜਸਥਾਨ ) ਜੋ ਕੰਟੇਨਰ ਨੰਬਰ ਆਰ ਜੇ-25 ਜੀ ਏ-3540 ਤੇ ਨਵੀਆਂ ਕਾਰਾਂ ਲੱਦ ਕੇ ਲਿਆ ਰਿਹਾ ਹੈ ,ਉਸ ਦੇ ਪਾਸ ਅਫੀਮ ਦੀ ਖੇਪ ਹੈ ਜੋ ਉਸ ਨੇ ਸੂਰਜ ਕੁਮਾਰ ਨੂੰ ਦੇਣੀ ਹੈl ਉਨ੍ਹਾਂ ਦੱਸਿਆ ਅੰਗਰੇਜ਼ ਸਿੰਘ ਤੇ ਪੁਲਸ ਪਾਰਟੀ ਨੇ ਨਾਕਾਬੰਦੀ ਕਰਦੇ ਹੋਏ ਨਾਮਜ਼ਦ ਵਿਅਕਤੀ ਸੱਤਿਆਵੀਰ ਸ਼ੇਖਾਵਤ ਨੂੰ ਕੰਟੇਨਰ ਦੇ ਨਾਲ ਕਾਬੂ ਕਰ ਲਿਆ ਅਤੇ ਜਦੋਂ ਤਲਾਸ਼ੀ ਲਈ ਗਈ ਤਾਂ ਉਹਦੇ ਕੋਲੋਂ 5 ਕਿਲੋ 100 ਅਫੀਮ ਬਰਾਮਦ ਹੋਈl ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਫੜੇ ਗਏ ਵਿਅਕਤੀ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਉਸ ਪਾਸੋਂ ਪੁੱਛਗਿੱਛ ਕੀਤੀ ਜਾਏਗੀ ਤੇ ਪਤਾ ਲਗਾਇਆ ਜਾਏਗਾ ਕਿ ਉਹ ਪਹਿਲਾਂ ਕਿੰਨੀ ਵਾਰ ਅਫੀਮ ਦੀ ਡਿਲੀਵਰੀ ਲਿਆ ਚੁੱਕਾ ਹੈl