ਰਾਜਸਥਾਨ ‘ਚ ਚੱਕਰਵਾਤੀ ਤੂਫਾਨ ਬਿਪਰਜੋਏ ਕਾਰਨ 14 ਟਰੇਨਾਂ ਰੱਦ
ਮੌਸਮ ਵਿਭਾਗ ਵੱਲੋਂ ਕਈ ਜ਼ਿਲ੍ਹਿਆਂ ‘ਚ ਰੈੱਡ ਅਲਰਟ ਜਾਰੀ
5 ਹਜ਼ਾਰ ਤੋਂ ਵੱਧ ਲੋਕਾਂ ਨੂੰ ਭੇਜਿਆ ਗਿਆ ਸੁਰੱਖਿਅਤ ਥਾਵਾਂ ‘ਤੇ
ਚੰਡੀਗੜ੍ਹ, 17ਜੂਨ(ਵਿਸ਼ਵ ਵਾਰਤਾ)-ਗੁਜਰਾਤ ਤੋਂ ਬਾਅਦ ਹੁਣ ਰਾਜਸਥਾਨ ‘ਚ ਚੱਕਰਵਾਤੀ ਤੂਫਾਨ ਬਿਪਰਜੋਏ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸਵੇਰ ਤੋਂ ਹੀ ਬਾੜਮੇਰ, ਸਿਰੋਹੀ, ਉਦੈਪੁਰ, ਜਾਲੋਰ, ਜੋਧਪੁਰ ਜ਼ਿਲਿਆਂ ‘ਚ ਬਾਰਿਸ਼ ਹੋ ਰਹੀ ਹੈ। ਬਾਰਿਸ਼ ਦੇ ਨਾਲ-ਨਾਲ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਨੇ ਬਾੜਮੇਰ, ਜਲੌਰ, ਸਿਰੋਹੀ ਅਤੇ ਪਾਲੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਰੇਲਵੇ ਨੇ ਬਾੜਮੇਰ ਤੋਂ ਲੰਘਣ ਵਾਲੀਆਂ 14 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਇਸੇ ਤਰ੍ਹਾਂ ਉਦੈਪੁਰ ਤੋਂ ਦਿੱਲੀ ਅਤੇ ਮੁੰਬਈ ਦੀਆਂ ਦੋ ਉਡਾਣਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੁਰੱਖਿਆ ਦੇ ਮੱਦੇਨਜ਼ਰ ਬਾੜਮੇਰ ਦੇ ਬਖਾਸਰ, ਸੇਦਵਾ ਚੌਹਤਾਨ, ਰਾਮਸਰ, ਧੂਰੀਮਨਾ ਪਿੰਡਾਂ ਦੇ ਪੰਜ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ।