ਰਾਜਪੁਰਾ ਨਿਵਾਸੀਆਂ ਨੂੰ ਮਿਲਿਆ ਆਜ਼ਾਦੀ ਦਿਹਾੜੇ ਮੌਕੇ ਵੱਡਾ ਤੋਹਫ਼ਾ
-ਸੰਸਦ ਮੈਂਬਰ ਪ੍ਰਨੀਤ ਕੌਰ ਨੇ ਰਾਜਪੁਰਾ ਵਿਖੇ 7 ਏਕੜ ਜਗ੍ਹਾ ‘ਚ 7 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਪੋਰਟਸ ਕੰਪਲੈਕਸ ਦੀ ਉਸਾਰੀ ਸ਼ੁਰੂ ਕਰਵਾਈ
-ਰਾਜਪੁਰਾ ‘ਚ ਸੀਵਰੇਜ ਲਈ 41 ਕਰੋੜ ਰੁਪਏ ਦਾ ਪ੍ਰਾਜੈਕਟ ਵੀ ਮਨਜ਼ੂਰ
-ਕੈਪਟਨ ਸਰਕਾਰ ਨੇ ਖੇਡਾਂ ਤੇ ਖਿਡਾਰੀਆਂ ਨੂੰ ਪ੍ਰਫੁਲਤ ਕੀਤਾ-ਪ੍ਰਨੀਤ ਕੌਰ
-ਉਲੰਪਿਕ ‘ਚ ਹਿੱਸਾ ਲੈਣ ਵਾਲੇ ਪੰਜਾਬ ਦੇ ਖਿਡਾਰੀ 28.36 ਕਰੋੜ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਤ ਕੀਤੇ-ਸੰਸਦ ਮੈਂਬਰ
-ਵਿਧਾਇਕ ਕੰਬੋਜ ਵੱਲੋਂ ਰਾਜਪੁਰਾ ਦਾ ਨਵਾਂ ਬਨਣ ਵਾਲਾ ਖੇਡ ਸਟੇਡੀਅਮ ਉਲੰਪਿਕ ਜੇਤੂ ਖਿਡਾਰੀਆਂ ਨੂੰ ਸਮਰਪਿਤ
-ਪੰਜਾਬ ਦਾ ਗੇਟ ਵੇਅ ਰਾਜਪੁਰਾ ਬਣਿਆਂ ਨਮੂਨੇ ਦਾ ਸ਼ਹਿਰ-ਹਰਦਿਆਲ ਸਿੰਘ ਕੰਬੋਜ
ਰਾਜਪੁਰਾ, 15 ਅਗਸਤ:ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਰਾਜਪੁਰਾ ਨਿਵਾਸੀਆਂ ਨੂੰ ਆਜ਼ਾਦੀ ਦਿਹਾੜੇ ਮੌਕੇ ਵੱਡਾ ਤੋਹਫ਼ਾ ਦਿੰਦਿਆਂ ਰਾਜਪੁਰਾ ਵਿਖੇ 7 ਏਕੜ ਜਗ੍ਹਾ ‘ਚ 7 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਉਸਾਰੇ ਜਾਣ ਵਾਲੇ ਖੇਡ ਕੰਪਲੈਕਸ-ਸਟੇਡੀਅਮ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ। ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਅੱਜ ਰਾਜਪੁਰਾ ਨਿਵਾਸੀਆਂ ਨੂੰ ਦੂਜਾ ਵੱਡਾ ਤੋਹਫ਼ਾ ਸੀਵਰੇਜ ਪ੍ਰਾਜੈਕਟ ਲਈ ਪਾਸ ਹੋਏ 41 ਕਰੋੜ ਰੁਪਏ ਦੇ ਰੂਪ ‘ਚ ਮਿਲਿਆ ਹੈ।
ਸ੍ਰੀਮਤੀ ਪ੍ਰਨੀਤ ਕੌਰ ਨੇ ਇਸ ਮੌਕੇ 75ਵੇਂ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਦੱਸਿਆ ਕਿ ਇਹ ਖੇਡ ਸਟੇਡੀਅਮ ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵਿਸ਼ੇਸ਼ ਤੌਰ ‘ਤੇ ਰਾਜਪੁਰਾ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪਾਸ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਖੇਡ ਵਿਭਾਗ ਵੱਲੋਂ ਇਸ ਅਤਿ-ਆਧੁਨਿਕ ਖੇਡ ਕੰਪਲੈਕਸ ਨੂੰ ਦੋ ਪੜਾਵਾਂ ‘ਚ ਇੱਕ ਰਿਕਾਰਡ ਸਮੇਂ ‘ਚ ਤਿਆਰ ਕਰਵਾਇਆ ਜਾਵੇਗਾ।
ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਖੇਡਾਂ ਤੇ ਖਿਡਾਰੀਆਂ ਨੂੰ ਪ੍ਰਫੁਲਤ ਕਰਨ ਦੀ ਨੀਤੀ ‘ਤੇ ਚੱਲ ਰਹੀ ਹੈ, ਜਿਸ ਲਈ ਸੂਬੇ ਦੇ ਖਿਡਾਰੀਆਂ ਨੂੰ ਵਧੀਆ ਖੇਡ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਨਵੀਂ ਖੇਡ ਨੀਤੀ-2018 ਲਾਗੂ ਕੀਤੀ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਹੀ ਕੈਪਟਨ ਸਰਕਾਰ ਨੇ ਉਲੰਪਿਕ ਵਿਚ ਹਿੱਸਾ ਲੈਣ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ 28.36 ਕਰੋੜ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਤ ਕਰਕੇ ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਹੈ।
ਸ੍ਰੀਮਤੀ ਪ੍ਰਨੀਤ ਕੌਰ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੋਕੀਉ ਉਲੰਪਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਆਪਣੇ ਖਿਡਾਰੀਆਂ ਨੂੰ ਖੇਡ ਨੀਤੀ ਤੋਂ ਅਗਾਂਹ ਵਧ ਕੇ ਸੋਨ ਤਮਗ਼ਾ ਜਿੱਤਣ ਬਦਲੇ ਮਿਲਣ ਵਾਲੀ ਰਕਮ ਤੋਂ ਕਿਤੇ ਵੱਧ ਕੇ 2.51 ਕਰੋੜ ਰੁਪਏ ਦੀ ਰਾਸ਼ੀ ਕਾਂਸੀ ਦੇ ਤਮਗ਼ੇ ਲਈ ਹੀ ਦੇ ਦਿੱਤੀ ਅਤੇ ਪੁਜ਼ੀਸ਼ਨਾਂ ਲੈਣ ਵਾਲੇ ਖਿਡਾਰੀਆਂ ਨੂੰ 50-50 ਲੱਖ ਤੇ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵੀ 21-21 ਲੱਖ ਰੁਪਏ ਦੀ ਰਾਸ਼ੀ ਦਿੱਤੀ ਹੈ ਅਤੇ ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ।
ਸ੍ਰੀਮਤੀ ਪ੍ਰਨੀਤ ਕੌਰ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਦਿੱਲੀ ਦੀਆਂ ਸਰਹੱਦਾਂ ਉਤੇ ਪਿਛਲੇ ਸਾਲ ਦੇ ਨਵੰਬਰ ਮਹੀਨੇ ਤੋਂ ਰੋਸ ਧਰਨੇ ਉੱਤੇ ਬੈਠੇ ਕਿਸਾਨਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਨਾਲ ਹੀ ਸੱਦਾ ਵੀ ਦਿੱਤਾ ਕਿ ਇੱਕ ਪਾਸੇ ਪਾਕਿਸਤਾਨ ਪੰਜਾਬ ‘ਚ ਲਾਂਬੂ ਲਾਉਣ ਨੂੰ ਤਿਆਰ ਬੈਠਾ ਹੈ ਪ੍ਰੰਤੂ ਪੰਜਾਬ ਦੇ ਲੋਕਾਂ ਦਾ ਭਵਿੱਖ ਕਾਂਗਰਸ ਦੇ ਹੱਥਾਂ ‘ਚ ਹੀ ਸੁਰੱਖਿਅਤ ਹੈ, ਇਸ ਲਈ ਲੋਕ ਅਵੇਸਲੇ ਨਾ ਹੋਣ ਅਤੇ ਨਾ ਹੀ ਵਿਰੋਧੀ ਪਾਰਟੀਆਂ ਦੇ ਗੁੁੰਮਰਾਹਕੁਨ ਪ੍ਰਚਾਰ ਅਤੇ ਦਿੱਤੇ ਜਾ ਰਹੇ ਝਾਂਸਿਆਂ ‘ਚ ਆਉਣ।
ਹਲਕਾ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਇਸ ਅਤਿਆਧੁਨਿਕ ਖੇਡ ਕੰਪਲੈਕਸ ਨੂੰ ਓਲੰਪਿਕਸ ਖੇਡਾਂ ‘ਚ ਜੇਤੂ ਖਿਡਾਰੀਆਂ ਦੇ ਸਮਰਪਿਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਖੇਡ ਕੰਪਲੈਕਸ ਵਿਖੇ ਇੰਨਡੋਰ ਖੇਡਾਂ ਲਈ ਮਲਟੀਪਰਪਜ਼ ਹਾਲ, ਬਾਸਕਿਟ ਬਾਲ, ਵਾਲੀਬਾਲ, ਬੈਡਮਿੰਟਨ, ਹੈਂਡਬਾਲ, ਯੋਗਾ ਆਦਿ ਖੇਡਾਂ ਲਈ ਕੋਰਟਸ, ਫਿਟਨੈਸ ਕੇਂਦਰ, ਕੋਚਾਂ ਲਈ ਕਮਰੇ, ਲੜਕੇ ਤੇ ਲੜਕੀਆਂ ਲਈ ਵੱਖਰੇ ਚੇਂਜਿੰਗ ਰੂਮਜ ਤੇ ਬਾਥਰੂਮ, ਖੇਡਾਂ ਦੇ ਸਮਾਨ ਲਈ ਸਟੋਰ ਤੋਂ ਇਲਾਵਾ 400 ਮੀਟਰ ਅਥਲੈਟਿਕਸ ਟਰੈਕ, ਫੁੱਟਬਾਲ ਗਰਾਊਂਡ, ਓਪਨ ਜਿੰਮ, ਪਰਕਿੰਗ, ਸਪਰਿੰਕਲਿੰਗ ਸਿਸਟਮ, ਰਾਤ ਸਮੇਂ ਖੇਡਣ ਲਈ ਲਾਇਟਿੰਗ ਦੀ ਵਿਵਸਥਾ ਕੀਤੀ ਜਾਵੇਗੀ। ਜਦੋਂਕਿ ਸਕੇਟਿੰਗ ਲਈ ਸ. ਚਰਨਜੀਤ ਸਿੰਘ ਨਾਮਧਾਰੀ ਵੱਲੋਂ ਇਸ ਕੰਪਲੈਕਸ ਵਿਖੇ ਵਿਸ਼ੇਸ਼ ਟਰੈਕ ਤਿਆਰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਖੇਡ ਕੰਪਲੈਕਸ ਦੇ ਬਣਨ ਕਰਕੇ ਉਨ੍ਹਾਂ ਨੂੰ ਉਮੀਦ ਹੈ ਕਿ ਕਿਸੇ ਦਿਨ ਰਾਜਪੁਰਾ ਦਾ ਵੀ ਕੋਈ ਨੌਜਵਾਨ ਓਲੰਪੀਅਨ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਦੀ ਤਰ੍ਹਾਂ ਓਲੰਪਿਕਸ ‘ਚ ਤਮਗਾ ਜਰੂਰ ਜਿੱਤੇਗਾ।
ਸ੍ਰੀ ਹਰਦਿਆਲ ਸਿੰਘ ਕੰਬੋਜ ਨੇ ਰਾਜਪੁਰਾ ਵਿਖੇ 4 ਸਾਲਾਂ ‘ਚ ਕਰਵਾਏ ਗਏ ਵਿਕਾਸ ਕਾਰਜਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਪਿਛਲੇ 70 ਸਾਲਾਂ ‘ਚ ਰਾਜਪੁਰਾ ਵਿਖੇ ਕਿਸੇ ਨੂੰ ਗੁੱਲੀ ਡੰਡਾ ਖੇਡਣ ਲਈ ਵੀ ਜਗ੍ਹਾ ਨਹੀਂ ਸੀ ਪਰੰਤੂ ਕੈਪਟਨ ਸਰਕਾਰ ਨੇ ਗੇਟ ਵੇਅ ਆਫ਼ ਪੰਜਾਬ, ਰਾਜਪੁਰਾ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬਨੂੜ ਸਟੇਡੀਅਮ ਵਿਖੇ 50 ਲੱਖ ਰੁਪਏ ਦੀ ਦਿੱਤੇ ਹਨ। 36 ਕਰੋੜ ਰੁਪਏ ਰਾਜਪੁਰਾ ਵਿਖੇ ਰੇਲਵੇ ਓਵਰ ਬ੍ਰਿਜ ਤੇ ਅੰਡਰਪਾਥ ਵੀ ਦੂਹਰਾ ਮਨਜੂਰ ਕਰਵਾਇਆ ਹੈ। ਇਸ ਤੋਂ ਬਿਨ੍ਹਾਂ 2006 ‘ਚ ਕੈਪਟਨ ਸਰਕਾਰ ਵੱਲੋਂ ਚਮਾਰੂ ਵਿਖੇ 250 ਏਕੜ ‘ਚ ਪਾਸ ਕੀਤੀ ਗਈ ਕੁਆਰਕ ਸਿਟੀ ਦਾ ਕੰਮ 10 ਸਾਲਾਂ ਬਾਅਦ ਦੁਬਾਰਾ ਸ਼ੁਰੂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੁਆਰਕ ਸਿਟੀ ਤੇ ਆਈ.ਟੀ. ਪਾਰਕ ਸੇਹਰਾ ਬਣਨ ਨਾਲ ਰਾਜਪੁਰਾ ਦੇ ਘਨੌਰ ਇਲਾਕੇ ‘ਚ 1 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ।
ਇਸ ਮੌਕੇ ਯੂਥ ਕਾਂਗਰਸ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ ਨੇ ਸ੍ਰੀਮਤੀ ਪ੍ਰਨੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਵੇਦ ਕਪੂਰ ਤੇ ਰਾਜਪੁਰਾ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਨੇ ਵੀ ਸੰਬੋਧਨ ਕਰਕੇ ਸੰਸਦ ਮੈਂਬਰ ਦੇ ਹਲਕਾ ਵਿਧਾਇਕ ਸ੍ਰੀ ਕੰਬੋਜ ਦਾ ਧੰਨਵਾਦ ਕੀਤਾ। ਸਮਾਗਮ ਮੌਕੇ ਖੇਡ ਵਿਭਾਗ ਦੇ ਖੇਡ ਇੰਜੀਨੀਅਰ ਸੰਜੇ ਮਹਾਜਨ ਤੇ ਜ਼ਿਲ੍ਹਾ ਖੇਡ ਅਫ਼ਸਰ ਸ਼ਾਸਵਤ ਰਾਜ਼ਦਾਨ ਨੇ ਸੰਸਦ ਮੈਂਬਰ ਨੂੰ ਤਕਨੀਕੀ ਪੱਖਾਂ ਤੋਂ ਜਾਣੂ ਕਰਵਾਇਆ।
ਇਸ ਦੌਰਾਨ ਸ੍ਰੀਮਤੀ ਗੁਰਮੀਤ ਕੌਰ ਕੰਬੋਜ, ਪੰਜਾਬ ਜੈਨਕੋ ਦੇ ਸੀਨੀਅਰ ਵਾਈਸ ਚੇਅਰਮੈਨ ਫਕੀਰ ਚੰਦ ਬਾਂਸਲ, ਚੇਅਰਮੈਨ ਮਾਰਕੀਟ ਕਮੇਟੀ ਬਲਦੇਵ ਸਿੰਘ ਗੱਦੋਮਾਜਰਾ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ ਨਾਗੀ, ਪੀ.ਆਰ.ਟੀ.ਸੀ. ਦੇ ਸੀਨੀਅਰ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਦੂਆ, ਸਾਬਕਾ ਪ੍ਰਧਾਨ ਐਮ.ਸੀ. ਰਾਜਿੰਦਰ ਰਾਜਾ, ਚੇਅਰਮੈਨ ਬਲਾਕ ਸੰਮਤੀ ਸਰਬਜੀਤ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨੋਹਰ ਲਾਲ ਤੇ ਨਾਇਬ ਸਿੰਘ ਸਮੇਤ ਸ਼ਹਿਰ ਦੇ ਕੌਂਸਲਰ ਅਤੇ ਹੋਰ ਪਤਵੰਤੇ ਵੱਡੀ ਗਿਣਤੀ ‘ਚ ਮੌਜੂਦ ਸਨ। ਸ਼ਹਿਰ ਵਿਖੇ ਬਣਨ ਜਾ ਰਹੇ ਨਵੇਂ ਖੇਡ ਕੰਪਲੈਕਸ ਨੂੰ ਲੈਕੇ ਰਾਜਪੁਰਾ ਨਿਵਾਸੀਆਂ ‘ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ।