ਰਾਉਸ ਐਵਨਿਊ ਕੋਰਟ ਤੋਂ CBI ਨੂੰ ਮਿਲੀ ਕੇਜਰੀਵਾਲ ਦੀ ਤਿੰਨ ਦਿਨ ਦੀ ਰਿਮਾਂਡ
ਨਵੀਂ ਦਿੱਲੀ ,27 ਜੂਨ( ਵਿਸ਼ਵ ਵਾਰਤਾ) : ਰਾਉਸ ਐਵਨਿਊ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਿੰਨ ਦਿਨਾਂ ਦੇ ਲਈ ਸੀਬੀਆਈ ਦੀ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਸੀਬੀਆਈ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਦੇ ਵਿੱਚ ਹੀ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਭਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਗਿਰਫਤਾਰ ਕੀਤਾ ਸੀ। ਇਸ ਤੋਂ ਬਾਅਦ ਸੀਬੀਆਈ ਵੱਲੋਂ ਕੋਰਟ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ 5 ਦਿਨਾਂ ਦੀ ਰਿਮਾਂਡ ਦੀ ਮੰਗ ਕੀਤੀ ਗਈ ਸੀ ਅਦਾਲਤ ਦੇ ਵਿੱਚ ਤਕਰੀਬਨ ਚਾਰ ਘੰਟੇ ਤੋਂ ਵੱਧ ਸਮੇਂ ਤੱਕ ਇਸ ਮਾਮਲੇ ਤੇ ਸੁਣਵਾਈ ਹੋਈ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਤ ਰੱਖ ਲਿਆ ਸੀ ਅਤੇ ਅੱਜ ਸ਼ਾਮ 7 ਵਜੇ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ। ਇਸ ਸੁਣਵਾਈ ਦੇ ਦੌਰਾਨ ਮੀਡੀਆ ਦੇ ਵਿੱਚ ਇਹ ਖਬਰਾਂ ਵੀ ਚੱਲ ਰਹੀਆਂ ਸਨ ਕਿ, ਸ਼ਰਾਬ ਨੀਤੀ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਮਨੀਸ਼ ਸਿਸੋਦੀਆ ਤੇ ਇਲਜ਼ਾਮ ਲਗਾਏ ਹਨ। ਬਾਅਦ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਕੋਰਟ ਦੇ ਵਿੱਚ ਇਹਨਾਂ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਕਿਹਾ ਕਿ, ਉਹਨਾਂ ਨੇ ਅਜਿਹੇ ਕੋਈ ਵੀ ਇਲਜ਼ਾਮ ਸਿਸ਼ੋਦੀਆ ਤੇ ਨਹੀਂ ਲਗਾਏ ਹਨ। ਉਹਨਾਂ ਕਿਹਾ ਕਿ ਮੈਂ ਵੀ ਇਸ ਮਾਮਲੇ ਦੇ ਵਿੱਚ ਦੋਸ਼ੀ ਨਹੀਂ ਹਾਂ ਅਤੇ ਸਿਸ਼ੋਦੀਆ ਵੀ ਦੋਸ਼ੀ ਨਹੀਂ ਹਨ। ਉਸ ਤੋਂ ਬਾਅਦ ਸੁਣਵਾਈ ਦੌਰਾਨ ਸੀਬੀਆਈ ਦੇ ਵਕੀਲ ਨੇ ਕਿਹਾ ਕਿ ਮੀਡੀਆ ਦੇ ਵਿੱਚ ਜੋ ਵੀ ਚੱਲ ਰਿਹਾ ਹੈ ਉਹ ਸਭ ਕੁਝ ਤੱਥਾਂ ਤੇ ਅਧਾਰਿਤ ਹੈ। ਇਸ ਤੋਂ ਬਾਅਦ ਅੱਜ ਦੀ ਸੁਣਵਾਈ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਿਹਤ ਵੀ ਇਸ ਦੌਰਾਨ ਵਿਗੜ ਗਈ ਸੀ। ਇਸ ਤੋਂ ਬਾਅਦ ਉਹਨਾਂ ਦਾ ਸ਼ੂਗਰ ਦਾ ਪੱਧਰ ਘਟਣ ਕਾਰਨ, ਉਹਨਾਂ ਨੂੰ ਵੱਖਰੇ ਕਮਰੇ ਦੇ ਵਿੱਚ ਤਬਦੀਲ ਕੀਤਾ ਗਿਆ ਸੀ। ਕੁਝ ਸਮੇਂ ਬਾਅਦ ਅਰਵਿੰਦ ਕੇਜਰੀਵਾਲ ਚਾਹ ਤੇ ਬਿਸਕੁਟ ਖਾਣ ਤੋਂ ਬਾਅਦ ਮੁੜ ਤੋਂ ਅਦਾਲਤ ਦੇ ਵਿੱਚ ਵਾਪਸ ਆ ਗਏ ਸਨ। ਜ਼ਿਕਰਯੋਗ ਹੈ ਕਿ ਸੀਬੀਆਈ ਨੇ 25 ਜੂਨ ਨੂੰ ਰਾਤ ਸਮੇਂ ਤਿਹਾੜ ਜੇਲ ਦੇ ਵਿੱਚ ਜਾ ਕੇ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਕੇਜਰੀਵਾਲ ਤੋਂ ਪੁੱਛਗਿੱਛ ਕੀਤੀ ਸੀ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਈਡੀ ਦੀ ਹਿਰਾਸਤ ਦੇ ਵਿੱਚ ਸਨ। ਅਰਵਿੰਦ ਕੇਜਰੀਵਾਲ ਪਿਛਲੇ 87 ਦਿਨਾਂ ਤੋਂ ਤਿਹਾੜ ਜੇਲ ਦੇ ਵਿੱਚ ਬੰਦ ਹਨ, ਤੇ ਹੁਣ ਉਹਨਾਂ ਨੂੰ ਸੀਬੀਆਈ ਨੇ ਰਿਮਾਂਡ ਤੇ ਲਿਆ ਹੈ। ਇਸ ਕੇਸ ਦੇ ਦੌਰਾਨ ਹਾਲਾਂਕਿ ਉਹਨਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਕਰਨ ਦੇ ਲਈ 10 ਮਈ ਤੋਂ ਲੈ ਕੇ 2 ਜੂਨ ਤੱਕ ਜਮਾਨਤ ਤੇ ਰਿਹਾ ਵੀ ਕੀਤਾ ਗਿਆ ਸੀ।