ਪੰਜਾਬ ਬੰਦ ਦੀ ਕਾੱਲ ਵਾਪਸ ਲੈਣ ਦੇ ਬਾਵਜੂਦ ਜਲੰਧਰ ਵਿੱਚ ਅੱਜ ਮੁਕੰਮਲ ਬੰਦ
ਚੰਡੀਗੜ੍ਹ,12 ਅਗਸਸਤ(ਵਿਸ਼ਵ ਵਾਰਤਾ)- ਬੇਸ਼ੱਕ ਅੰਮ੍ਰਿਤਸਰ ਤੋਂ ਹੁਕਮ ਜਾਰੀ ਕਰਨ ਵਾਲੇ ਵਾਲਮੀਕਿ ਸਮਾਜ ਦੇ ਆਗੂਆਂ ਨੇ 19 ਤਰੀਕ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਸੱਦਾ ਮਿਲਣ ਤੋਂ ਬਾਅਦ ਪੰਜਾਬ ਬੰਦ ਦਾ ਸੱਦਾ ਵਾਪਸ ਲੈ ਲਿਆ ਹੈ ਪਰ ਜਲੰਧਰ ਵਿੱਚ ਰਵਿਦਾਸ ਅਤੇ ਵਾਲਮੀਕਿ ਸਮਾਜ ਦੇ ਆਗੂਆਂ ਨੇ ਬੰਦ ਦਾ ਸੱਦਾ ਵਾਪਸ ਨਹੀਂ ਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਜਲੰਧਰ ਵਿੱਚ ਮੁਕੰਮਲ ਬੰਦ ਰੱਖਿਆ ਜਾਵੇਗਾ।
ਰਵਿਦਾਸ ਟਾਈਗਰ ਫੋਰਸ ਦੇ ਜੱਸੀ ਤੱਲ੍ਹਣ ਨੇ ਕਿਹਾ ਕਿ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਅਨੁਸੂਚਿਤ ਜਾਤੀ ਦੇ ਲੋਕਾਂ ‘ਤੇ ਨਾਜਾਇਜ਼ ਟਿੱਪਣੀ ਕੀਤੀ ਹੈ। ਇਸ ਦੇ ਵਿਰੋਧ ਵਿੱਚ ਇੱਕ ਰੋਜ਼ਾ ਬੰਦ ਰੱਖਿਆ ਗਿਆ ਹੈ। ਸਰਕਾਰ ਤੋਂ ਮੰਗ ਵੀ ਕੀਤੀ ਜਾ ਰਹੀ ਹੈ ਅਤੇ ਅਨਮੋਲ ਰਤਨ ਮਾਨ ਦੇ ਖਿਲਾਫ ਐੱਸ.ਸੀ.-ਐੱਸ.ਟੀ.ਐਕਟ ਤਹਿਤ ਮਾਮਲਾ ਵੀ ਦਰਜ ਕਰਵਾਇਆ ਜਾਵੇਗਾ।
ਰਵਿਦਾਸ ਟਾਈਗਰ ਫੋਰਸ ਨੇ ਕਿਹਾ ਕਿ ਅੰਮ੍ਰਿਤਸਰ ‘ਚ ਬੇਸ਼ੱਕ ਭਾਈਚਾਰੇ ਦੇ ਲੋਕਾਂ ਨੇ ਮੁੱਖ ਮੰਤਰੀ ਨਾਲ ਗੱਲ ਕਰਨ ਤੋਂ ਬਾਅਦ ਬੰਦ ਦਾ ਸੱਦਾ ਵਾਪਸ ਲੈ ਲਿਆ ਹੈ ਪਰ ਜਲੰਧਰ ‘ਚ ਦੋਵੇਂ ਭਾਈਚਾਰੇ ਇਕਜੁੱਟ ਹਨ ਅਤੇ ਦੋਵੇਂ ਪੂਰੀ ਤਰ੍ਹਾਂ ਬੰਦ ‘ਤੇ ਡਟੇ ਹਨ। ਉਨ੍ਹਾਂ ਦੱਸਿਆ ਕਿ ਬੰਦ ਨੂੰ ਲੈ ਕੇ ਜਲੰਧਰ ਦੇ ਸਰਕਟ ਹਾਊਸ ਵਿੱਚ ਦੋਵਾਂ ਭਾਈਚਾਰਿਆਂ ਦੇ ਲੋਕਾਂ ਦੀ ਮੀਟਿੰਗ ਵੀ ਹੋਈ ਹੈ, ਜਿਸ ਵਿੱਚ ਸਾਰਿਆਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਹੈ।
ਰਵਿਦਾਸੀਆ ਅਤੇ ਵਾਲਮੀਕਿ ਸਮਾਜ ਦੇ ਬੰਦ ਦੇ ਸਮੇਂ ਦੇ ਮੱਦੇਨਜ਼ਰ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ‘ਚ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਕਿਸੇ ਵੀ ਤਣਾਅ ਨੂੰ ਕਾਬੂ ਕਰਨ ਲਈ ਸ਼ਹਿਰ ਦੇ ਮੁੱਖ ਚੌਕ, ਜੋਤੀ ਚੌਕ, ਜਿਸ ਨੂੰ ਭਗਵਾਨ ਵਾਲਮੀਕੀ ਚੌਕ ਵੀ ਕਿਹਾ ਜਾਂਦਾ ਹੈ, ‘ਤੇ ਵਧੇਰੇ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।