ਯੋਗ ਮਨੁੱਖੀ ਸਰੀਰ ਅੰਦਰ ਅਨੁਸ਼ਾਸਨਿਕ ਆਤਮਿਕ ਸ਼ਕਤੀ ਪੈਦਾ ਕਰਨ ਵਿੱਚ ਸਹਾਇਕ- ਡੀ.ਡੀ.ਐਫ
ਆਵਾਮ ਨੂੰ ਤੰਦਰੁਸਤ ਬਣਾਉਣ ਲਈ ਸੀ.ਐਮ.ਦੀ ਯੋਗਸ਼ਾਲਾ ਨਿਭਾ ਰਹਿ ਅਹਿਮ ਭੂਮਿਕਾ- ਆਸੀਫ਼ ਖਾਨ
10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਥਾਨਕ ਜ਼ਾਕਿਰ ਹੁਸੈਨ ਸਟੇਡੀਅਮ ਵਿਖੇ ਵਿਸ਼ਾਲ ਯੋਗ ਕੈਂਪ ਦਾ ਆਯੋਜਨ
ਮਾਲੇਰਕੋਟਲਾ 21 ਜੂਨ (ਵਿਸ਼ਵ ਵਾਰਤਾ):- 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਲੇਰਕੋਟਲਾ ਸਮੇਤ ਜਿਲ੍ਹੇ ਦੀਆਂ ਸਮੁੱਚੀਆਂ ਸਬ ਡਵੀਜਨਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਕੇ ਸਿਹਤਮੰਦ ਨਾਗਰਿਕ ਦਾ ਸੁਨੇਹਾ ਦਿੱਤਾ। ਸਮਾਗਮ ਦੌਰਾਨ ਬੱਚੇ,ਨੌਜਵਾਨਾਂ ਅਤੇ ਬਜ਼ੁਰਗ ਵੱਡੀ ਗਿਣਤੀ ਵਿਚ ਪੁੱਜੇ ਤੇ ਉਨ੍ਹਾਂ ਨੇ ਯੋਗਾ ਕੀਤਾ |
ਸਥਾਨਕ ਜ਼ਾਕਿਰ ਹੁਸੈਨ ਸਟੇਡੀਅਮ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਡੀ.ਡੀ.ਐਫ.ਆਸੀਫ਼ ਖਾਨ ਨੇ ਕਿਹਾ ਕਿ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗ ਸਭ ਤੋਂ ਵਧੀਆ ਕਸਰਤ ਹੈ ਇਸ ਨਾਲ ਮਨ ਅਤੇ ਤਨ ਨੂੰ ਸ਼ਕਤੀ ਮਿਲਦੀ ਹੈ। ਯੋਗ ਮਨੁੱਖੀ ਸਰੀਰ ਅੰਦਰ ਅਨੁਸ਼ਾਸਨਿਕ ਆਤਮਿਕ ਸ਼ਕਤੀ ਪੈਦਾ ਕਰਨ ਵਿੱਚ ਸਹਾਇਕ ਹੁੰਦਾ ਹੈ । ਉਨ੍ਹਾਂ ਹੋਰ ਕਿਹਾ ਕਿ ਤਣਾਉ ਰਹਿਤ ਦਿਮਾਗ ਅਤੇ ਤੰਦਰੁਸਤ ਮਨੁੱਖੀ ਸਰੀਰ ਲਈ ਯੋਗਾ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਅਗਵਾਈ ਹੇਠ ‘ਸੀ.ਐਮ ਦੀ ਯੋਗਸ਼ਾਲਾ’ ਸ਼ਹਿਰ ਦੇ ਵੱਖ ਵੱਖ ਸਾਂਝੇ ਸਥਾਨਾਂ ‘ਚ ਚਲਾਈਆ ਜਾ ਰਹੀਆਂ ਹਨ ।
ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਤੰਦਰੁਸਤ ਸਿਹਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਜ਼ਿਲ੍ਹੇ ਵਿੱਚ 69 ਥਾਵਾਂ ਤੇ ਸੀਐੱਮ ਦੀ ਯੋਗਸ਼ਾਲਾ ਸਕੀਮ ਤਹਿਤ ਯੋਗਸ਼ਾਲਾ ਲੱਗ ਰਹੀ ਹੈ, ਜਿਸ ਦਾ ਜ਼ਿਲ੍ਹਾ ਵਾਸੀ ਭਰਭੂਰ ਲਾਹਾ ਲੈ ਰਹੇ ਹਨ ਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ। ਉਨ੍ਹਾਂ ਹੋਰ ਦੱਸਿਆ ਕਿ ਮਾਲੇਰਕੋਟਲਾ 44 ਸਥਾਨਾਂ ਤੇ,ਅਮਰਗੜ੍ਹ ਵਿਖੇ 10 ਸਥਾਨਾਂ ਤੇ ਅਤੇ ਅਹਿਮਦਗੜ੍ਹ ਵਿਖੇ 15 ਸਥਾਨਾਂ ਤੇ ਮੁਫ਼ਤ ਸੀ.ਐਮ. ਦੀ ਯੋਗਸ਼ਾਲਾ ਦਾ ਸੰਚਾਲਨ ਕੀਤਾ ਜਾ ਰਿਹਾ ਹੈ ।
ਉਨ੍ਹਾਂ ਹੋਰ ਦੱਸਿਆ ਕਿ ਯੋਗ ਦੀ ਸਿਖਲਾਈ ਦੇਣ ਲਈ ਪੰਜਾਬ ਸਰਕਾਰ ਵੱਲੋਂ ਮਾਹਿਰ ਯੋਗਾ ਟਰੇਨਰ ਤਾਇਨਾਤ ਕੀਤੇ ਗਏ ਹਨ। ਲੋਕਾਂ ਨੂੰ ਹਰ ਰੋਜ਼ ਯੋਗ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਮੁਫ਼ਤ ਵਿੱਚ ਯੋਗ ਸਿਖਲਾਈ ਲੈਣ ਲਈ ਲੋਕ ਟੋਲ ਫਰੀ ਨੰਬਰ 76694-00500 ਤੇ ਸੰਪਰਕ ਕਰ ਸਕਦੇ ਹਨ । ਇਸ ਤੋਂ ਇਲਾਵਾ https://cmdiyogshala.punjab.gov.in ਤੇ ਵੀ ਰਜਿਸਟਰ ਕਰ ਸਕਦੇ ਹਨ । ਜੇਕਰ 20-25 ਲੋਕਾਂ ਦਾ ਸਮੂਹ ਹੋਵੇ ਤਾਂ ਉਹ ਆਪਣੇ ਮੁਹੱਲੇ ਜਾਂ ਕਿਸੇ ਵੀ ਕਾਲੋਨੀ ਵਿੱਚ ਯੋਗ ਕਰਨ ਦੇ ਲਈ ਮੁਫਤ ਯੋਗ ਕਲਾਸਾਂ ਲੈਣ ਲਈ ਫੋਨ ਨੰਬਰ ਤੇ ਮਿਸ ਕਾਲ ਦੇ ਸਕਦੇ ਹਨ। ਮਾਹਿਰ ਯੋਗ ਟ੍ਰੇਨਰ ਉਨ੍ਹਾਂ ਨੂੰ ਖੁੱਲ੍ਹੇ ਪਾਰਕਾਂ ਤੇ ਹੋਰ ਸਰਵਜਨਿਕ ਸਥਾਨਾਂ ਤੇ ਮੁਫਤ ਯੋਗ ਕਲਾਸਾਂ ਦੇਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਵੱਖ-ਵੱਖ ਥਾਵਾਂ ‘ਤੇ ਸਵੇਰੇ 5 ਵਜੇ ਸ਼ੁਰੂ ਹੋ ਕੇ ਰਾਤ 8 ਵਜੇ ਤੱਕ ਯੋਗਸ਼ਾਲਾਵਾਂ ਚੱਲਦੀਆਂ ਹਨ, ਇਸ ਲਈ ਹਰੇਕ ਨਾਗਰਿਕ ਨੂੰ ਆਪਣੀ ਨੇੜਲੀ ਯੋਗਸ਼ਾਲਾ ਵਿਖੇ ਜਾ ਕੇ ਯੋਗ ਦਾ ਲਾਭ ਜਰੂਰ ਲੈਣਾ ਚਾਹੀਦਾ ਹੈ।