ਚੰਡੀਗੜ, 19 ਅਗਸਤ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੇਠ ਸੂਬੇ ਵਿਚ ਵਪਾਰ ਸਮਰਥਾ ਨੂੰ ਮਾਨਤਾ ਦਿੰਦੇ ਹੋਏ ਯੂ.ਏ.ਈ ਦੀ ਪ੍ਰਮੁੱਖ ਨਿੱਜੀ ਕੰਪਨੀ ਅਲ ਦਹਰਾ ਹੋਲਡਿੰਗਜ਼ ਨੇ ਪੰਜਾਬ ਦੇ ਖੇਤੀ ਵਪਾਰ ਵਿਚ ਡੂੰਘੀ ਦਿਲਚਸਪੀ ਦਿਖਾਈ ਹੈ।
ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੇ ਇੱਕ ਪੱਤਰ ਵਿਚ ਕੰਪਨੀ ਦੇ ਉਪ ਚੇਅਰਮੈਨ ਅਤੇ ਸਹਿ-ਬਾਨੀ ਖਾਦਿਮ ਅਲ ਦਰੇਈ ਨੇ ਸੂਬਾ ਸਰਕਾਰ ਨਾਲ ਨੇੜੇ ਦੇ ਸਹਿਯੋਗ ਦੀ ਇੱਛਾ ਜਤਾਈ ਹੈ ਤਾਂ ਜੋ ਖੇਤੀ ਸੈਕਟਰ ਵਿਚ ਆਪਸੀ ਸਹਿਯੋਗ ਨੂੰ ਬੜਾਵਾ ਦਿੱਤਾ ਜਾ ਸਕੇ। ਦਰੇਈ ਨੇ ਮੁੱਖ ਮੰਤਰੀ ਨੂੰ ਸਹਿਯੋਗ ਦੇ ਖੇਤਰਾਂ ਬਾਰੇ ਵਿਚਾਰ ਵਟਾਂਦਰੇ ਵਾਸਤੇ ਨਿੱਜੀ ਮੀਟਿੰਗ ਦੀ ਬੇਨਤੀ ਕੀਤੀ ਹੈ।
ਯੂ.ਏ.ਈ ਬਹੁਤ ਸਾਰੇ ਹੋਰਨਾਂ ਦੇਸ਼ਾਂ ਵਿਚ ਸ਼ਾਮਲ ਹੈ ਜੋ ਇਸ ਸਾਲ ਮਾਰਚ ਵਿਚ ਸੂਬੇ ਦੀ ਸਰਕਾਰ ਬਦਲਣ ਤੋਂ ਬਾਅਦ ਬਦਲੇ ਹੋਏ ਮਾਹੌਲ ਵਿਚ ਪੰਜਾਬ ’ਚ ਨਿਵੇਸ਼ ਲਈ ਦਿਲਚਸਪੀ ਲੈ ਰਹੇ ਹਨ ਕਿਉਂਕਿ ਸਰਕਾਰ ਦੇ ਬਦਲਣ ਨਾਲ ਸੂਬੇ ਵਿਚ ਵਪਾਰ ਅਤੇ ਉਦਯੋਗ ਦੇ ਬੜਾਵੇ ਲਈ ਢੁੱਕਵਾਂ ਵਾਤਾਵਰਣ ਪੈਦਾ ਹੋਇਆ ਹੈ।
ਇਹ ਕੰਪਨੀ ਅਬੂ ਧਾਬੀ ਅਧਾਰਤ ਹੈ ਅਤੇ ਇਹ ਪਹਿਲਾਂ ਹੀ ਭਾਰਤੀ ਉਤਪਾਦਕਾਂ ਨਾਲ ਭਾਈਵਾਲੀ ਕਰ ਰਹੀ ਹੈ। ਇਹ ਭਾਰਤ ਵਿਚ ਆਪਣੀ ਮੌਜੂਦਗੀ ਨੂੰ ਵਧਾਉਣਾ ਚਾਹੁੰਦੀ ਹੈ। ਇਹ ਭਾਰਤ ਸਰਕਾਰ ਨਾਲ ਯੂ.ਏ.ਈ ਦੀਆਂ ਭਾਈਵਾਲੀ ਦੀਆਂ ਕੋਸ਼ਿਸ਼ਾਂ ਦੇ ਹੇਠ ਅਜਿਹਾ ਕਰਨਾ ਚਾਹੁੰਦੀ ਹੈ। ਉਨਾਂ ਅੱਗੇ ਦੱਸਿਆ ਕਿ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਅਤੇ ਯੂ.ਏ.ਈ ਦੇ ਕਲਾਈਮੇਟ ਚੇਂਜ ਐਂਡ ਇੰਵਾਇਰਮੈਂਟ ਮੰਤਰਾਲੇ ਵਿਚਕਾਰ ਇੱਕ ਸਹਿਮਤੀ ਪੱਤਰ ’ਤੇ ਸਹੀ ਪਾਈ ਗਈ ਹੈ। ਇਸ ਦਾ ਉਦੇਸ਼ ਖੇਤੀਬਾੜੀ ਸੈਕਟਰ ਵਿਚ ਸਹਿਯੋਗ ਅਤੇ ਦੁਵੱਲੇ ਹਿੱਤਾਂ ਨੂੰ ਬੜਾਵਾ ਦੇਣ ਲਈ ਰੂਪ ਰੇਖਾ ਵਿਕਸਤ ਕਰਨਾ ਹੈ।
ਯੂ.ਏ.ਈ ਅਨਾਜ ਸੁਰੱਖਿਆ ਰਣਨੀਤੀ ਨੂੰ ਅੱਗੇ ਖੜਨ ਲਈ ਅਲ ਦਹਰਾ ਭਾਰਤ ਵਿਚ ਸੰਭਾਵਨਾਵਾਂ ਤਲਾਸ਼ਣ ਵਿਚ ਦਿਲਚਸਪੀ ਲੈ ਰਹੀ ਹੈ। ਇਸ ਵੱਲੋਂ ਇਸ ਸਬੰਧ ਵਿਚ ਪੰਜਾਬ ਉੱਤੇ ਖਾਸ ਤੌਰ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਪੰਜਾਬ ਵਿਚ ਵਿਕਾਸ ਦੀ ਉੱਚ ਸਮਰਥਾ ਦੇਖ ਰਹੀ ਹੈ। ਦਰੇਈ ਨੇ ਇਸ ਪੱਤਰ ਵਿਚ ਲਿਖਿਆ ਹੈ ਕਿ ਉਨਾਂ ਦੀ ਕੰਪਨੀ ਪੰਜਾਬ ਵਿਚ ਆਪਣੇ ਸਰੋਤ ਅਧਾਰਾਂ ਦਾ ਪਾਸਾਰ ਕਰਨ ਵਿਚ ਦਿਲਚਸਪੀ ਰੱਖਦੀ ਹੈ ਅਤੇ ਇਹ ਸੂਬੇ ਨੂੰ ਉਤਪਾਦ ਪੋਰਟਫੋਲੀਓ ਦੀ ਪੇਸ਼ਕਸ਼ ਕਰ ਸਕਦੀ ਹੈ।
ਖੇਤੀ ਵਪਾਰ ਦੀ ਪ੍ਰਮੁੱਖ ਕੰਪਨੀ ਅਲ ਦਹਰਾ ਦੀ ਪਸ਼ੂਆਂ ਦੀ ਖੁਰਾਕ ਦੇ ਵਪਾਰ, ਚਾਵਲਾਂ, ਆਟਾ, ਫੱਲਾਂ ਅਤੇ ਸਬਜ਼ੀਆਂ ਵਰਗੀਆਂ ਜ਼ਰੂਰੀ ਖੁਰਾਕੀ ਵਸਤਾਂ ਦੀ ਕਾਸ਼ਤ, ਉਤਪਾਦਨ ਅਤੇ ਵਪਾਰ ਵਿਚ ਮੁਹਾਰਤ ਹੈ। ਕੰਪਨੀ ਦੀ ਵਿਦੇਸ਼ੀ ਨਿਵੇਸ਼ ਰਣਨੀਤੀ ਬਹੁਤ ਜ਼ਿਆਦਾ ਸਰਗਰਮ ਹੈ ਅਤੇ ਇਸ ਨੇ ਦੁਨੀਆਂ ਭਰ ਵਿਚ ਫੀਡ ਅਤੇ ਖੁਰਾਕ ਉਤਪਾਦਾਂ ਦੇ ਬਹੁਤ ਸਾਰੇ ਉਦਮ ਕੀਤੇ ਹਨ।