ਫਾਜ਼ਿਲਕਾ 30 ਮਈ( ਵਿਸ਼ਵ ਵਾਰਤਾ)- ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਸਾਰ ਅੱਜ ਨੌਜਵਾਨਾਂ ਨੂੰ ਮਤਦਾਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਇੱਥੇ ਯੂਥ ਚੱਲਿਆ ਬੂਥ ਦੌੜ ਕਰਵਾਈ ਗਈ ਜਿਸ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਡਾ ਸੇਨੂ ਦੁੱਗਲ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ । ਇਸ ਮੌਕੇ ਉਹਨਾਂ ਦੇ ਨਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਤਿੰਦਰ ਕੌਰ ਐਸਐਸਪੀ ਡਾ ਪ੍ਰਗਿਆ ਜੈਨ ਅਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਵੀ ਹਾਜ਼ਰ ਸਨ। ਇਸ ਮੌਕੇ ਨੌਜਵਾਨਾਂ ਨੇ ਭਾਰੀ ਉਤਸਾਹ ਨਾਲ ਇਸ ਜਾਗਰੂਕਤਾ ਦੌੜ ਵਿੱਚ ਭਾਗ ਲਿਆ ਅਤੇ ਉਹ ਢੋਲ ਦੇ ਡਗੇ ਦੀ ਗੂੰਜ ਤੇ ਨੱਚਦੇ ਹੋਏ ਡਿਪਟੀ ਕਮਿਸ਼ਨਰ ਦਫਤਰ ਤੋਂ ਨੇੜਲੇ ਪੋਲਿੰਗ ਬੂਥ ਤੱਕ ਗਏ ਅਤੇ ਲੋਕਾਂ ਨੂੰ ਮਤਦਾਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਬੋਲਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਅਪੀਲ ਕੀਤੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਬੂਥਾਂ ਤੇ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਪਹਿਲੀ ਵਾਰ ਵੋਟ ਕਰਨ ਵਾਲੇ ਨੌਜਵਾਨ, ਬਜ਼ੁਰਗ ਅਤੇ ਸਾਰੇ ਵੋਟਰ ਵੱਧ ਚੜ ਕੇ ਮਤਦਾਨ ਵਿੱਚ ਹਿੱਸਾ ਲੈਣ। ਉਹਨਾਂ ਨੇ ਕਿਹਾ ਕਿ ਮਤਦਾਨ ਸਾਡਾ ਹੱਕ ਹੈ ਅਤੇ ਲੋਕਤੰਤਰ ਦੀ ਮਜਬੂਤੀ ਲਈ ਸਾਰੇ ਵੋਟਰ ਆਪਣੇ ਇਸ ਹੱਕ ਦਾ ਵਰਤੋਂ ਫਰਜ ਸਮਝ ਕੇ ਕਰਨ।
ਐਸਐਸਪੀ ਡਾ ਪ੍ਰਗਿਆ ਜੈਨ ਨੇ ਆਖਿਆ ਕਿ ਚੋਣਾਂ ਵਿੱਚ ਸੁਰੱਖਿਆ ਦੇ ਮੱਦੇ ਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰੇ ਇੰਤਜ਼ਾਮ ਹਨ ਅਤੇ ਲੋਕ ਬਿਨਾਂ ਕਿਸੇ ਡਰ ਭੈਅ ਜਾਂ ਲਾਲਚ ਦੇ ਮਤਦਾਨ ਲਈ ਪੋਲਿੰਗ ਬੂਥਾਂ ਤੇ ਪਹੁੰਚਣ। ਉਹਨਾਂ ਨੇ ਕਿਹਾ ਕਿ ਚੋਣਾਂ ਪੂਰੀ ਤਰਾਂ ਸ਼ਾਂਤਮਈ ਅਤੇ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਨੌਜਵਾਨਾਂ ਨੂੰ ਮਤਦਾਨ ਕਰਨ ਦੀ ਸਹੁੰ ਵੀ ਚੁਕਾਈ ਗਈ। ਇਸ ਮੌਕੇ ਜਿਲਾ ਸਿੱਖਿਆ ਅਫਸਰ ਸ਼ਿਵਪਾਲ, ਸਹਾਇਕ ਕਮਿਸ਼ਨਰ ਜਨਰਲ ਮਨਜੀਤ ਸਿੰਘ, ਸਵੀਪ ਸਹਾਇਕ ਨੋਡਲ ਅਫਸਰ ਰਜਿੰਦਰ ਵਿਖੋਨਾ, ਤਹਿਸੀਲ ਸਮਾਜਿਕ ਨਿਆ ਅਤੇ ਅਧਿਕਾਰਿਕਤਾ ਅਫਸਰ ਅਸ਼ੋਕ ਕੁਮਾਰ ਵੀ ਹਾਜ਼ਰ ਸਨ।