ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤੀ ਹਵਾਈ ਸੈਨਾ ਵੀ ਕਰੇਗੀ ਮਦਦ
ਪੜ੍ਹੋ,ਪੂਰੀ ਖਬਰ
ਚੰਡੀਗੜ੍ਹ,1 ਮਾਰਚ(ਵਿਸ਼ਵ ਵਾਰਤਾ)- ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਦੀ ਨਿਕਾਸੀ ਨੂੰ ਹੋਰ ਤੇਜ ਕਰਨ ਦੇ ਇਰਾਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਹਵਾਈ ਸੈਨਾ ਨੂੰ ਵੀ ਸ਼ਾਮਿਲ ਹੋਣ ਲਈ ਕਿਹਾ ਹੈ। ਜਾਣਕਾਰੀ ਮਿਲ ਰਹੀ ਹੈ ਕਿ ਭਾਰਤੀ ਹਵਾਈ ਸੈਨਾ ਅੱਜ ਤੋਂ ਆਪਰੇਸ਼ਨ ਗੰਗਾ ਦੇ ਹਿੱਸੇ ਵਜੋਂ ਸੀ-17 ਜਹਾਜ਼ਾਂ ਨੂੰ ਤੈਨਾਤ ਕਰ ਸਕਦੀ ਹੈ। ਦੱਸ ਦਈਏ ਕਿ ਯੂਕਰੇਨ ‘ਤੇ ਰੂਸ ਦਾ ਹਮਲਾ ਲਗਾਤਾਰ 6ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਆਪਰੇਸ਼ਨ ਗੰਗਾ ਤਹਿਤ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਮਿਸ਼ਨ ਚੱਲ ਰਿਹਾ ਹੈ। ਇਸ ਸਬੰਧ ਵਿਚ ਏਅਰ ਇੰਡੀਆ ਦੀ 7ਵੀਂ ਉਡਾਣ 182 ਭਾਰਤੀਆਂ ਨੂੰ ਲੈ ਕੇ ਮੁੰਬਈ ਪਹੁੰਚੀ ਹੈ। ਇਸ ਦੇ ਨਾਲ ਹੀ ਬੁਡਾਪੇਸਟ ਅਤੇ ਬੁਖਾਰੇਸਟ ਤੋਂ ਦਿੱਲੀ ਲਈ ਦੋ ਹੋਰ ਉਡਾਣਾਂ ਨੇ ਵੀ ਉਡਾਨ ਭਰੀ ਹੈ। ਉਹ ਜਲਦੀ ਹੀ ਦੇਸ਼ ਦੀ ਰਾਜਧਾਨੀ ‘ਚ ਉਤਰਨਗੇ। ਇਨ੍ਹਾਂ ਉਡਾਣਾਂ ਵਿੱਚ 434 ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ।