ਮੱਛੀ ਪਾਲਣ ਸੰਬੰਧੀ ਪ੍ਰਧਾਨ ਮੰਤਰੀ ਫੰਡ ਪ੍ਰਾਪਤ ਕਰਨ ਵਾਲੀ ਬਣੀ ਪਹਿਲੀ ਯੂਨੀਵਰਸਿਟੀ
ਇਸ ਯੋਜਨਾ ਤਹਿਤ ਮੁੱਢਲੇ ਰੂਪ ਵਿਚ ਮਿਲੇਗੀ 1.84 ਕਰੋੜ ਦੀ ਵਿਤੀ ਰਾਸ਼ੀ
ਲੁਧਿਆਣਾ 31 ਮਾਰਚ (ਰਾਜਕੁਮਾਰ ਸ਼ਰਮਾ)- 2021ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਉਸ ਵੇਲੇ ਵੱਡਾ ਨਾਮਣਾ ਪ੍ਰਾਪਤ ਕੀਤਾ ਜਦੋਂ ਉਸ ਨੂੰ ਭਾਰਤ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਵੱਲੋਂ ਮੱਛੀ ਪਾਲਣ ਸੰਬੰਧੀ ਯੋਜਨਾ ਅਧੀਨ ਰਾਸ਼ਟਰੀ ਪੱਧਰ ’ਤੇ ਸਭ ਤੋਂ ਪਹਿਲੀ ਯੂਨੀਵਰਸਿਟੀ ਦੇ ਤੌਰ ’ਤੇ ਵਿਤੀ ਰਾਸ਼ੀ ਦੇਣ ਦੀ ਘੋਸ਼ਣਾ ਕੀਤੀ ਗਈ।ਭਾਰਤ ਸਰਕਾਰ ਵਲੋਂ ਪ੍ਰਧਾਨ ਮੰਤਰੀ ਮਤਸਯਾ ਸੰਪਦਾ ਯੋਜਨਾ ਚਲਾਈ ਗਈ ਹੈ ਜਿਸ ਦਾ 2020-21 ਤੋਂ 2024-25 ਤਕ ਪੰਜ ਸਾਲ ਦਾ 20,000 ਕਰੋੜ ਬਜਟ ਰੱਖਿਆ ਗਿਆ ਹੈ ਜਿਸ ਨੂੰ ਸਮੁੰਦਰੀ ਅਤੇ ਗ਼ੈਰ ਸਮੁੰਦਰੀ ਖੇਤਰ ਵਿਚ ਮੱਛੀ ਪਾਲਣ ਦੇ ਸਾਧਨ ਵਿਕਸਤ ਕਰਨ ਲਈ ਵਰਤਿਆ ਜਾਵੇਗਾ।
ਯੂਨੀਵਰਸਿਟੀ ਦੇ ਫ਼ਿਸ਼ਰੀਜ਼ ਕਾਲਜ ਜਿਥੇ ਇਹ ਯੋਜਨਾ ਕਾਰਜਸ਼ੀਲ ਹੋਵੇਗੀ ਉਸ ਦੇ ਡੀਨ, ਡਾ. ਮੀਰਾ ਡੀ ਆਂਸਲ ਨੇ ਦੱਸਿਆ ਕਿ ਲਗਭਗ 1.84 ਕਰੋੜ ਦੇ ਇਸ ਬਜਟ ਨਾਲ ਇਕ ’ਸਮਰੱਥਾ ਉਸਾਰੀ ਸਾਧਨ ਕੇਂਦਰ’ ਤਿਆਰ ਕੀਤਾ ਜਾਵੇਗਾ ਜਿਥੇ ਮੱਛੀ ਪਾਲਣ ਦੀਆਂ ਆਧੁਨਿਕ ਤਕਨੀਕਾਂ ਜਿਵੇਂ ਬਾਇਓਫਲੋਕ ਅਤੇ ਰੀਸਰਕੂਲੇਟਰੀ ਐਕੂਆਕਲਚਰ ਸਿਸਟਮ ਸੰਬੰਧੀ ਖੋਜ ਹੋਵੇਗੀ ਅਤੇ ਕੌਸ਼ਲ ਵਿਕਾਸ ਕੀਤਾ ਜਾਵੇਗਾ।ਇਸ ਸੰਬੰਧ ਵਿਚ ਇਸ ਕੇਂਦਰ ਰਾਹੀਂ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਕਿਸਾਨਾਂ ਨੂੰ ਸਿੱਖਿਅਤ ਕੀਤਾ ਜਾਵੇਗਾ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਇਨ੍ਹਾਂ ਵਿਧੀਆਂ ਰਾਹੀਂ ਅਸੀਂ ਆਧੁਨਿਕ ਢੰਗ ਦੇ ਖੋੋਜ ਕਾਰਜ ਕਰ ਸਕਾਂਗੇ ਜਿਸ ਨਾਲ ਜਿਥੇ ਵਾਤਾਵਰਣ ਤਬਦੀਲੀਆਂ ਨੂੰ ਧਿਆਨ ਵਿਚ ਰੱਖਦਿਆਂ ਕੰਮ ਕੀਤਾ ਜਾਵੇਗਾ ਉਥੇ ਪਾਣੀ ਦੀ ਵਰਤੋਂ ਸਿਰਫ 10 ਤੋਂ 15 ਪ੍ਰਤੀਸ਼ਤ ਰਹਿ ਜਾਵੇਗੀ।ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਇਸ ਖਿੱਤੇ ਵਾਸਤੇ ਇਕ ਮੀਲ ਦਾ ਪੱਥਰ ਸਾਬਿਤ ਹੋਵੇਗਾ ਜਿਸ ਰਾਹੀਂ ਛੋਟੇ ਕਿਸਾਨਾਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਦੀ ਆਰਥਿਕਤਾ ਨੂੰ ਮਜਬੂਤ ਕੀਤਾ ਜਾ ਸਕੇਗਾ।ਉਨ੍ਹਾਂ ਇਹ ਆਸ ਪ੍ਰਗਟਾਈ ਕਿ ਇਸ ਯੋਜਨਾ ਤਹਿਤ ਉਹ ਹੋਰ ਵਿਤੀ ਰਾਸ਼ੀ ਵੀ ਪ੍ਰਾਪਤ ਕਰ ਸਕਣਗੇ ਜਿਸ ਨਾਲ ਕਿ ਸੇਵਾਵਾਂ ਦੀ ਉਤਮਤਾ ਵਧਾਈ ਜਾਏਗੀ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਨੇ ਪਸ਼ੂਧਨ ਖੇਤਰ ਵਿਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਆਪਣੇ ਪ੍ਰਦਰਸ਼ਨ ਨਾਲ ਬਹੁਤ ਉੱਘਾ ਨਾਮ ਸਥਾਪਿਤ ਕਰ ਲਿਆ ਹੈ।ਇਸ ਨਵੇਂ ਪ੍ਰਾਜੈਕਟ ਰਾਹੀਂ ਸਾਡੇ ਖੋਜ ਅਤੇ ਵਿਕਾਸ ਦੇ ਕੰਮਾਂ ਨੂੰ ਹੋਰ ਹੁਲਾਰਾ ਮਿਲੇਗਾ ਅਤੇ ਮੱਛੀ ਪਾਲਣ ਦੇ ਕੰਮ ਨੂੰ ਨਵੇਂ ਢੰਗ ਅਤੇ ਨੁਕਤਿਆਂ ਨਾਲ ਕੀਤਾ ਜਾਵੇਗਾ।