ਸਿਆਸਤਦਾਨਾਂ ਤੋਂ ਬਾਅਦ ਹੁਣ ਭ੍ਰਿਸ਼ਟਾਚਾਰ ਕਰਨ ਵਾਲੇ ਅਫਸਰਾਂ ਦੀ ਵਾਰੀ
ਚੰਡੀਗੜ੍ਹ,21ਜੂਨ(ਵਿਸ਼ਵ ਵਾਰਤਾ)- ਪੰਜਾਬ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਤੋਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਦੀ ਗੱਲ ਕਹਿ ਰਹੇ ਹਨ।ਇਸ ਸੰਬੰਧ ਵਿੱਚ ਜਿੱਥੇ ਪਹਿਲਾਂ ਆਪਣੇ ਹੀ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਸਰਕਾਰ ਵੱਲੋਂ ਬਰਖ਼ਾਸਤ ਕਰਨ ਤੋਂ ਬਾਅਦ ਬਰਖ਼ਾਸਤ ਕੀਤਾ ਜਾ ਚੁੱਕਾ ਹੈ ਉੱਥੇ ਹੀ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਤੋਂ ਬਾਅਦ ਹੁਣ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਕਰਨ ਵਾਲੇ ਅਫਸਰਾਂ ਨੂੰ ਵੀ ਨਿਸ਼ਾਨੇ ਤੇ ਲੈ ਲਿਆ ਗਿਆ ਹੈ। ਬੀਤੇ ਕੱਲ੍ਹ ਇੱਕ ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ ਪੰਜਾਬ ਵਿਜੀਲੈਂਸ ਵਿਭਾਗ ਨੇ ਗ੍ਰਿਫਤਾਰ ਕੀਤਾ ਹੈ। ਉਸ ਨੇ ਕਥਿਤ ਤੌਰ ‘ਤੇ ਸੀਵਰੇਜ ਦੇ ਠੇਕਿਆਂ ਵਿਚ ਰਿਸ਼ਵਤ ਲਈ ਸੀ । ਜਾਣਕਾਰੀ ਅਨੁਸਾਰ 2008 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੋਪਲੀ ਦੇ ਨਾਲ ਹੀ ਸੀਵਰੇਜ ਬੋਰਡ ਦੇ ਇੱਕ ਅਧਿਕਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਹਨ ਕਿ ਸੰਜੇ ਪੋਪਲੀ ਨੇ ਸੀਵਰੇਜ ਬੋਰਡ ਵਿੱਚ ਰਹਿੰਦੇ ਹੋਏ 7.3 ਕਰੋੜ ਦੇ ਸੀਵਰੇਜ ਪ੍ਰੋਜੈਕਟ ਵਿੱਚ 1 ਫੀਸਦੀ ਕਮਿਸ਼ਨ ਮੰਗਿਆ ਸੀ। ਇਸ ਦੀ ਪਹਿਲੀ ਕਿਸ਼ਤ ਅਦਾ ਕਰ ਦਿੱਤੀ ਗਈ ਸੀ। ਹਾਲਾਂਕਿ ਜਦੋਂ ਦੂਜੀ ਕਿਸ਼ਤ ਦਾ ਦਬਾਅ ਪਾਇਆ ਗਿਆ ਤਾਂ ਰਿਕਾਰਡਿੰਗ ਸਰਕਾਰ ਤੱਕ ਪਹੁੰਚ ਗਈ। ਜਿਸ ਤੋਂ ਬਾਅਦ ਸੋਮਵਾਰ ਦੇਰ ਰਾਤ ਪੋਪਲੀ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ।ਪੋਪਲੀ ਅਤੇ ਉਸਦੇ ਨਾਲ ਗ੍ਰਿਫਤਾਰ ਕੀਤੇ ਗਏ ਸੀਵਰੇਜ ਬੋਰਡ ਦੇ ਅਧਿਕਾਰੀ ਦੋਵਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਸਬੰਧੀ ਕਰਨਾਲ ਦੇ ਸਰਕਾਰੀ ਠੇਕੇਦਾਰ ਸੰਜੇ ਕੁਮਾਰ ਨੇ ਸ਼ਿਕਾਇਤ ਕੀਤੀ ਸੀ। ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਇਹ ਮਾਮਲੇ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਦਾ ਹੈ। ਜਿਸ ਵਿੱਚ ਪੋਪਲੀ ਨੇ ਉਸ ਕੋਲੋਂ 1 ਪਰਸੈਂਟ ਦੀ ਕਮੀਸ਼ਨ ਯਾਨਿ ਕਿ 7ਲੱਖ ਦੀ ਰਿਸ਼ਵਤ ਮੰਗੀ ਸੀ। ਜਿਸ ਦੀ ਪਹਿਲੀ ਕਿਸ਼ਤ 3.50 ਲੱਖ ਰੁਪਏ ਵਿਭਾਗ ਦੇ ਸੁਪਰਡੈਂਟ ਇੰਜਨੀਅਰ (ਐਸ.ਈ.) ਸੰਜੀਵ ਰਾਹੀਂ ਚੰਡੀਗੜ੍ਹ ਵਿੱਚ ਦਿੱਤੇ ਜਾ ਚੁੱਕੇ ਸਨ। ਵਿਜੀਲੈਂਸ ਅਨੁਸਾਰ ਇਸ ਤੋਂ ਬਾਅਦ ਪੋਪਲੀ ਨੇ 3.50 ਲੱਖ ਰੁਪਏ ਦੇ ਬਕਾਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਠੇਕੇਦਾਰ ਨੇ ਇਸ ਦੀ ਕਾਲ ਰਿਕਾਰਡ ਕਰ ਲਈ। ਬਾਅਦ ਵਿੱਚ ਇਸ ਨੂੰ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ’ਤੇ ਭੇਜਿਆ ਗਿਆ।ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਵਿਜੀਲੈਂਸ ਨੇ ਪੋਪਲੀ ਨੂੰ ਚੰਡੀਗੜ੍ਹ ਦੇ ਸੈਕਟਰ 20 ਸਥਿਤ ਘਰ ਤੋਂ ਅਤੇ ਉਸ ਦੇ ਸਾਥੀ ਮੁਲਜ਼ਮ ਸੰਜੀਵ ਵਤਸ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।