ਮੰਡੀ ਵਿੱਚ ਬੋਰੀਆਂ ਚੁੱਕ ਕੇ ਗੁਜ਼ਾਰਾ ਕਰਨ ਵਾਲੇ ਹਾਕੀ ਖਿਡਾਰੀ ਨੂੰ ਮਿਲੇਗੀ ਸਰਕਾਰੀ ਨੌਕਰੀ
ਚੰਡੀਗੜ੍ਹ 2 ਫਰਵਰੀ(ਵਿਸ਼ਵ ਵਾਰਤਾ ਬਿਊਰੋ)- ਪੱਲੇਦਾਰੀ ਕਰਕੇ ਗੁਜਾਰ ਕਰਨ ਵਾਲੇ ਪੰਜਾਬ ਦੇ ਸਾਬਕਾ ਸੂਬਾ ਪੱਧਰੀ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀ ਦਿੱਤੀ ਜਾਵੇਗੀ। ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਮਜੀਤ ਨੂੰ ਘਰ ਬੁਲਾਇਆ ਅਤੇ ਉਸ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਮੁਲਾਕਾਤ ਤੋਂ ਬਾਅਦ ਪਰਮਜੀਤ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਕੋਚ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ। ਪਰਮਜੀਤ ਮੰਡੀ ਵਿੱਚ ਬੋਰੀਆਂ ਚੁੱਕ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਅਤੇ 1.25 ਰੁਪਏ ਪ੍ਰਤੀ ਬੋਰੀ ਕਮਾ ਰਿਹਾ ਸੀ।ਬੀਤੇ ਦਿਨੀਂ ਉਨ੍ਹਾਂ ਦੀ ਕੁਝ ਵੀਡੀਓਜ਼ ਅਤੇ ਖਬਰਾਂ ਮੀਡੀਆ ਵਿੱਚ ਨਸ਼ਰ ਹੋਈਆਂ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਮਜੀਤ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਫਰੀਦਕੋਟ ਵਿਖੇ ਹੀ ਹਾਕੀ ਕੋਚ ਨਿਯੁਕਤ ਕਰਨ ਦਾ ਭਰੋਸਾ ਦਿੱਤਾ ਹੈ।