ਕਿਹਾ ਕਿ ਜਲਾਲਾਬਾਦ ਦੀਆਂ ਮੰਡੀਆਂ ਦਾ ਦੌਰਾ ਦੌਰਾਨ ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਕਣਕ ਦੀ ਚੁਕਾਈ ਨਹੀਂ ਹੋ ਰਹੀ ਹੈ ਅਤੇ ਨਾ ਹੀ ਉਹਨਾਂ ਨੂੰ ਅਦਾਇਗੀ ਕੀਤੀ ਜਾ ਰਹੀ ਹੈ
ਕਿਹਾ ਕਿ 54 ਲੱਖ ਮੀਟਰਿਕ ਟਨ ਕਣਕ ਖਰੀਦਣ ਦੇ ਦਾਅਵੇ ਦੇ ਉਲਟ ਅਜੇ ਤਕ ਸਿਰਫ 29 ਲੱਖ ਮੀਟਰਿਕ ਕਣਕ ਦੀ ਚੁਕਾਈ ਕੀਤੀ ਗਈ ਹੈ
ਫਿਰੋਜ਼ਪੁਰ/ ਫਾਜ਼ਿਲਕਾ/28 ਅਪ੍ਰੈਲ( ਵਿਸ਼ਵ ਵਾਰਤਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਕਣਕ ਦੀ ਖਰੀਦ ਵਿਚ ਤੇਜ਼ੀ ਲਿਆਉਣ ਲਈ ਤੁਰੰਤ ਲੋੜੀਂਦੇ ਕਦਮ ਚੁੱਕਣ। ਉਹਨਾਂ ਕਿਹਾ ਹੈ ਕਿ ਖਰੀਦੀ ਗਈ ਕਣਕ ਦੀ ਮੰਡੀਆਂ ਵਿਚੋਂ ਚੁਕਾਈ ਨਾ ਹੋਣ ਕਰਕੇ ਪੂਰੇ ਰਾਜ ਅੰਦਰ ਕਣਕ ਦੀ ਖਰੀਦ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ।
ਅੱਜ ਫਾਜ਼ਿਲਕਾ ਵਿਚ ਜਲਾਲਾਬਾਦ ਦੀ ਦਾਣਾ ਮੰਡੀ ਦਾ ਦੌਰਾ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਸਮੇਂ ਇੱਥੇ ਪੂਰਾ ਅਫਰਾ-ਤਫਰੀ ਵਾਲਾ ਮਾਹੌਲ ਹੈ ਅਤੇ ਜੇਕਰ ਜਲਦੀ ਕੁੱਝ ਨਾ ਕੀਤਾ ਗਿਆ ਤਾਂ ਸਥਿਤੀ ਕਾਬੂ ਤੋਂ ਬਾਹਰ ਹੋ ਸਕਦੀ ਹੈ। ਉਹਨਾਂ ਕਿਹਾ ਕਿ ਬਾਰਦਾਨੇ ਦੀ ਕਮੀ ਕਾਰਣ ਚੁਕਾਈ ਨਹੀਂ ਕੀਤੀ ਜਾ ਰਹੀ ਹੈ, ਜਿਸ ਨਾਲ ਸਾਰੀਆਂ ਮੰਡੀਆਂ ਨੱਕੋਨੱਕ ਭਰ ਗਈਆਂ ਹਨ। ਉਹਨਾਂ ਕਿਹਾ ਕਿ ਇਸੇ ਕਰਕੇ ਸਰਕਾਰ ਨੇ ਹੁਣ ਕਿਸਾਨਾਂ ਨੂੰ ਦੁਬਾਰਾ ਪਾਸ ਜਾਰੀ ਕਰਨੇ ਬੰਦ ਕਰ ਦਿੱਤੇ ਹਨ, ਜਿਸ ਕਰਕੇ ਕਿਸਾਨਾਂ ਨੂੰ ਹੁਣ ਘਰਾਂ ਅੰਦਰ ਕਣਕ ਸਾਂਭਣ ਲਈ ਵਾਧੂ ਮਜ਼ਦੂਰੀ ਦੇਣੀ ਪਵੇਗੀ ਅਤੇ ਉਸ ਤੋਂ ਬਾਅਦ ਦੁਬਾਰਾ ਕਣਕ ਮੰਡੀਆਂ ਵਿਚ ਲਿਆਉਣੀ ਪਵੇਗੀ।
ਸਰਦਾਰ ਬਾਦਲ ਨੇ ਕਿਹਾ ਕਿ ਕਿਸਾਨ ਸ਼ਿਕਾਇਤਾਂ ਕਰ ਰਹੇ ਹਨ ਕਿ ਕਣਕ ਦੀ ਖਰੀਦ ਇਸ ਲਈ ਵੀ ਬੰਦ ਹੋ ਗਈ ਹੈ, ਕਿਉਂਕਿ ਖਰੀਦ ਏਜੰਸੀਆਂ ਕਣਕ ਵਿਚ ਹਲਕੀ ਨਮੀ ਹੋਣ ਕਰਕੇ ਇਸ ਨੂੰ ਰੱਦ ਕਰ ਰਹੀਆਂ ਹਨ। ਮੁੱਖ ਮੰਤਰੀ ਨੂੰ ਇਹ ਮੁੱਦਾ ਐਫਸੀਆਈ ਕੋਲ ਉਠਾਉਣ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸੂਬੇ ਦੀ ਖਰੀਦ ਏਜੰਸੀਆਂ ਨੂੰ ਨਿਰਦੇਸ਼ ਦੇਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਤੰਗ ਨਾ ਕਰਨ ਅਤੇ ਨਮੀ ਦੇ ਨਿਯਮਾਂ ਵਿਚ ਤੁਰੰਤ ਢਿੱਲ ਲਿਆਉਣ। ਉਹਨਾਂ ਨੇ ਇਹ ਗੱਲ ਵੀ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦੀ ਕਿ ਖਰੀਦ ਸ਼ੁਰੂ ਹੋਣ ਤੋਂ ਬਾਅਦ ਕਿਸਾਨਾਂ ਨੂੰ ਹੁਣ ਤਕ ਸਿਰਫ ਇੱਕ ਵਾਰ ਅਦਾਇਗੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਗੱਲ ਸਰਕਾਰ ਵੱਲੋਂ ਕਿਸਾਨਾਂ ਨੂੰ 24 ਘੰਟੇ ਅੰਦਰ ਅਦਾਇਗੀ ਦੇ ਕੀਤੇ ਵਾਅਦੇ ਦੇ ਬਿਲਕੁੱਲ ਖ਼ਿਲਾਫ ਹੈ।
ਇਹ ਟਿੱਪਣੀ ਕਰਦਿਆਂ ਕਿ ਸਰਕਾਰ ਦੀ ਬਦਇੰਤਜ਼ਾਮੀ ਕਰਕੇ ਅਜਿਹੇ ਹਾਲਾਤ ਬਣੇ ਹਨ, ਸਰਦਾਰ ਬਾਦਲ ਨੇ ਕਿਹਾ ਕਿ ਵੱਡੇ ਵੱਡੇ ਵਾਅਦੇ ਕਰਨਾ ਹੋਰ ਗੱਲ ਹੈ, ਪਰ ਉਹਨਾਂ ਨੂੰ ਪੂਰੇ ਕਰਨਾ ਬਿਲਕੁੱਲ ਅਲੱਗ ਗੱਲ ਹੈ। ਉਹਨਾਂ ਕਿਹਾ ਕਿ ਸਪੱਸ਼ਟ ਹੈ ਕਿ ਚੰਡੀਗੜ੍ਹ ਤੋਂ ਕੀਤੇ ਗਏ ਸਾਰੇ ਐਲਾਨਾਂ ਨੂੰ ਜ਼ਮੀਨੀ ਪੱਧਰ ਉੱਤੇ ਲਾਗੂ ਨਹੀਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੈਨੂੰ ਸਾਰੇ ਸੂਬੇ ਦੀਆਂ ਮੰਡੀਆਂ ਨੱਕੋ ਨੱਕ ਂਭਰੀਆਂ ਹੋਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਕਾਰਵਾਈ ਕਰਕੇ ਖਰੀਦ ਵਿਚ ਤੇਜ਼ੀ ਲਿਆਉਣੀ ਚਾਹੀਦੀ ਹੈ, ਕਿਉਂਕਿ ਖਰਾਬ ਮੌਸਮ ਫਸਲਾਂ ਦਾ ਹੋਰ ਨੁਕਸਾਨ ਕਰ ਸਕਦਾ ਹੈ। ਉਹਨਾਂ ਨੇ ਸਰਕਾਰ ਨੂੰ ਅਸਲੀ ਅੰਕੜੇ ਜਾਰੀ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ 54 ਲੱਖ ਮੀਟਰਿਕ ਟਨ ਕਣਕ ਖਰੀਦ ਲਈ ਹੈ ਜਦਕਿ ਕਿ ਚੁਕਾਈ ਸਿਰਫ 29 ਲੱਖ ਮੀਟਰਿਕ ਟਨ ਦੀ ਕੀਤੀ ਗਈ ਹੈ।ਇਸੇ ਤਰ੍ਹਾਂ ਕਿਸਾਨਾਂ ਵੱਲੋਂ ਵੇਚੀ ਗਈ ਫਸਲ ਵਿਚੋਂ ਉਹਨਾਂ ਨੂੰ ਸਿਰਫ 30ਫੀਸਦੀ ਦੀ ਹੀ ਅਦਾਇਗੀ ਕੀਤੀ ਗਈ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਕਿਸਾਨਾਂ ਨੇ ਇਹ ਗੱਲ ਵੀ ਉਹਨਾਂ ਨਾਲ ਸਾਂਝੀ ਕੀਤੀ ਹੈ ਕਿ ਕਣਕ ਦਾ ਝਾੜ ਘਟ ਗਿਆ ਹੈ ਅਤੇ ਇਸ ਵਾਰ ਵਾਢੀ ਉੱਤੇ ਉਹਨਾਂ ਨੂੰ ਵਧੇਰੇ ਖਰਚ ਕਰਨਾ ਪਿਆ ਹੈ। ਉਹਨਾਂ ਮੁੱਖ ਮੰਤਰੀ ਨੂੰ ਇਸ ਔਖੇ ਸਮੇਂ ਵਿਚ ਕਿਸਾਨਾਂ ਦੀ ਮੱਦਦ ਕਰਨ ਲਈ ਕਣਕ ਦੀ ਐਮਐਸਪੀ ਉੱਤੇ ਬੋਨਸ ਦਾ ਐਲਾਨ ਕਰਨ ਲਈ ਆਖਿਆ। ਇਸੇ ਦੌਰਾਨ ਅਕਾਲੀ ਦਲ ਪ੍ਰਧਾਨ ਨੇ ਸੂਬਾ ਸਰਕਾਰ ਨੂੰ ਝੋਨੇ ਵਾਸਤੇ ਅਗਾਂਊ ਯੋਜਨਾਬੰਦੀ ਕਰਨ ਲਈ ਆਖਿਆ। ਉੁਹਨਾਂ ਕਿਹਾ ਕਿ ਪੰਜਾਬ ਨੂੰ ਮਜ਼ਦੂਰਾਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈਣਾ ਹੈ, ਇਸ ਲਈ ਸਰਕਾਰ ਨੂੰ 15 ਜੂਨ ਤਕ ਪਰਵਾਸੀ ਮਜ਼ਦੂਰਾਂ ਨੂੰ ਵਾਪਸ ਲਿਆਉਣ ਲਈ ਕੋਈ ਠੋਸ ਯੋਜਨਾ ਬਣਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਸਬਸਿਡੀ ਉੱਤੇ ਦੇਣੀਆਂ ਚਾਹੀਦੀਆਂ ਹਨ ਅਤੇ ਇਹ ਮਸ਼ੀਨਾਂ ਸਹਿਕਾਰੀ ਸਭਾਵਾਂ ਦੁਆਰਾ ਵੀ ਖਰੀਦੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਆ ਰਹੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਇਹਨਾਂ ਮਸ਼ੀਨਾਂ ਦੀ ਵਰਤੋਂ ਕਰ ਸਕਣ।