ਮੌਸਮ ਵਿਭਾਗ ਵੱਲੋਂ ਸੂਬੇ ‘ਚ ਹੀਟ ਵੇਵ ਦਾ ਰੈੱਡ ਅਲਰਟ ਜਾਰੀ
ਦਿੱਲੀ-ਰਾਜਸਥਾਨ ‘ਚ ਤਾਪਮਾਨ 46 ਡਿਗਰੀ ਤੋਂ ਪਾਰ
ਚੰਡੀਗੜ੍ਹ, 19 ਮਈ(ਵਿਸ਼ਵ ਵਾਰਤਾ)- ਦੇਸ਼ ਦੇ ਕਈ ਸੂਬੇ ਇਸ ਸਮੇਂ ਤੇਜ਼ ਗਰਮੀ ਦੀ ਲਪੇਟ ‘ਚ ਹਨ, ਭਾਰਤੀ ਮੌਸਮ ਵਿਭਾਗ (IMD) ਨੇ ਅੱਜ ਰਾਜਧਾਨੀ ਦਿੱਲੀ, ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਚ ਹੀਟਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਅੱਜ ਹੀਟਵੇਵ ਦਾ ਆਰੇਂਜ ਅਲਰਟ ਹੈ। ਇਸ ਤੋਂ ਇਲਾਵਾ ਅੱਜ ਉੱਤਰਾਖੰਡ, ਗੁਜਰਾਤ, ਮੱਧ ਪ੍ਰਦੇਸ਼, ਪੱਛਮੀ ਬੰਗਾਲ ਅਤੇ ਝਾਰਖੰਡ ‘ਚ ਗਰਮੀ ਦੀ ਸੰਭਾਵਨਾ ਹੈ। ਆਈਐਮਡੀ ਮੁਤਾਬਕ ਇਨ੍ਹਾਂ ਰਾਜਾਂ ਵਿੱਚ 5 ਦਿਨਾਂ ਤੱਕ ਤੇਜ਼ ਗਰਮੀ ਰਹੇਗੀ। ਇਸ ਦੇ ਨਾਲ ਹੀ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ ‘ਚ 23 ਮਈ ਤੱਕ ਹੀਟ ਵੇਵ ਦਾ ਪ੍ਰਭਾਵ ਰਹੇਗਾ। ਮੌਸਮ ਵਿਭਾਗ ਨੇ ਬੱਚਿਆਂ, ਬਜ਼ੁਰਗਾਂ ਅਤੇ ਭਿਆਨਕ ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਇਹ ਵੀ ਕਿਹਾ ਗਿਆ ਹੈ ਕਿ ਜੋ ਲੋਕ ਲੰਬੇ ਸਮੇਂ ਤੱਕ ਧੁੱਪ ਵਿਚ ਰਹਿੰਦੇ ਹਨ ਜਾਂ ਕੰਮ ਕਰਦੇ ਹਨ, ਉਨ੍ਹਾਂ ਦੇ ਬੀਮਾਰ ਹੋਣ ਦੀ ਸੰਭਾਵਨਾ ਹੁੰਦੀ ਹੈ। ਹੀਟਵੇਵ ਦੌਰਾਨ ਲਗਾਤਾਰ ਧੁੱਪ ਵਿੱਚ ਕੰਮ ਕਰਨਾ ਖਤਰਨਾਕ ਹੋ ਸਕਦਾ ਹੈ।