ਜ਼ਿਲ੍ਹਾ ਵਾਸੀਆਂ ਦੀ ਸਿਹਤ ਦਾ ਰਖਿਆ ਜਾ ਰਿਹਾ ਹੈ ਖ਼ਾਸ ਖ਼ਿਆਲ: ਸਿਵਲ ਸਰਜਨ
ਮੋਹਾਲੀ, 25 ਜੁਲਾਈ (ਵਿਸ਼ਵ ਵਾਰਤਾ) : ਹੜ੍ਹਾਂ ਮਗਰੋਂ ਕੁੱਝ ਥਾਈਂ ਡਾਇਰੀਆ ਅਤੇ ਪੇਚਸ਼ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈੇ ਅਤੇ ਲੋਕਾਂ ਨੂੰ ਹਰ ਸੰਭਵ ਤਰੀਕੇ ਨਾਲ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਨੇ ਦਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿਚ 32 ਮੈਡੀਕਲ ਕੈਂਪ ਲਗਾਏ ਗਏ ਹਨ, ਜਿਨ੍ਹਾਂ ’ਚੋਂ 6 ਕੈਂਪ ਪ੍ਰਾਈਵੇਟ ਹਸਪਤਾਲਾਂ ਦੀ ਮਦਦ ਨਾਲ ਚੱਲ ਰਹੇ ਹਨ। ਉਨ੍ਹਾਂ ਦਸਿਆ ਕਿ ਇਹ ਕੈਂਪ ਜ਼ਿਆਦਾਤਰ ਉਨ੍ਹਾਂ ਥਾਵਾਂ ’ਤੇ ਹਨ ਜਿਥੇ ਡਾਇਰੀਆ ਅਤੇ ਪੇਚਸ਼ ਦੇ ਕੇਸ ਸਾਹਮਣੇ ਆਏ ਹਨ ਜਾਂ ਜਿਥੇ ਅਜਿਹੇ ਕੇਸ ਸਾਹਮਣੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਈ ਕੈਂਪ ਰਾਤ ਸਮੇਂ ਵੀ ਚੱਲ ਰਹੇ ਹਨ ਜਿਥੇ ਡਾਕਟਰ ਤੋਂ ਇਲਾਵਾ ਪੈਰਾਮੈਡੀਕਲ ਸਟਾਫ਼ ਡਿਊਟੀ ਦੇ ਰਹੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਹਸਪਤਾਲ ਵਿਚ ਹੜ੍ਹ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ ਜਿਥੇ ਕੋਈ ਵੀ ਵਿਅਕਤੀ ਫ਼ੋਨ ਕਰ ਕੇ ਮੈਡੀਕਲ ਅਤੇ ਹੋਰ ਜਾਣਕਾਰੀ ਲੈ ਸਕਦਾ ਹੈ।
ਡਾ. ਆਹੂਜਾ ਨੇ ਕਿਹਾ ਕਿ ਵੱਖ-ਵੱਖ ਥਾਈਂ ਹੜ੍ਹਾਂ ਦਾ ਪਾਣੀ ਇਕੱਠਾ ਹੋਣ ਕਾਰਨ ਬੀਮਾਰੀਆਂ ਫੈਲਣ ਦਾ ਖ਼ਤਰਾ ਵਧ ਗਿਆ ਸੀ, ਜਿਸ ਕਾਰਨ ਲੋਕਾਂ ਨੂੰ ਮੈਡੀਕਲ ਸਹਾਇਤਾ ਦੇਣ ਵਾਸਤੇ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਵਿਚ ਜਿਥੇ ਲੋਕਾਂ ਨੂੰ ਜ਼ਰੂਰੀ ਦਵਾਈਆਂ, ਓ.ਆਰ.ਐਸ. ਦੇ ਪੈਕੇਟ ਆਦਿ ਮੁਫ਼ਤ ਦਿਤੇ ਜਾ ਰਹੇ ਹਨ, ਉਥੇ ਡਾਕਟਰਾਂ ਵਲੋਂ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੈਂਪਾਂ ਵਿਚ ਵੱਖ-ਵੱਖ ਮੈਡੀਕਲ ਟੈਸਟ ਵੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਵੀ ਖ਼ਾਸ ਇੰਤਜ਼ਾਮ ਕੀਤੇ ਗਏ ਹਨ, ਜਿਥੇ ਮਰੀਜ਼ ਆ ਕੇ ਅਪਣਾ ਮੁਫ਼ਤ ਇਲਾਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਸਿਹਤ ਟੀਮਾਂ ਘਰ-ਘਰ ਜਾ ਕੇ ਵੀ ਲੋਕਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀਆਂ ਹਨ ਤੇ ਜਿਥੇ ਕਿਤੇ ਵੀ ਕੋਈ ਸ਼ੱਕੀ ਮਾਮਲਾ ਸਾਹਮਣਾ ਆਉਂਦਾ ਹੈ, ਉਥੇ ਮੌਕੇ ’ਤੇ ਡਾਕਟਰੀ ਸਹਾਇਤਾ ਦਿਤੀ ਜਾਂਦੀ ਹੈ। ਜੇ ਕੇਸ ਗੰਭੀਰ ਹੋਵੇ ਤਾਂ ਹਸਪਤਾਲ ਵਿਚ ਰੈਫ਼ਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਲੋਕਾਂ ਦੀ ਤੰਦਰੁਸਤੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਜ਼ਿਲ੍ਹਾ ਵਾਸੀਆਂ ਦੀ ਸਿਹਤ ਦਾ ਖ਼ਾਸ ਖ਼ਿਆਲ ਰਖਿਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹਾਇਤਾ ਜਾਂ ਹੜ੍ਹ ਸਬੰਧੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰ. 62391 16649 ਅਤੇ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।