ਮੋਗਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਸਰਹੱਦ ਤੋਂ ਅਸਲੇ ਦੀ ਖੇਪ ਬਰਾਮਦ
– ਕਈ ਮੁਕੱਦਮਿਆਂ ਵਿਚ ਲੌੜੀਦਾ ਦੋਸ਼ੀ ਕਾਬੂ
ਮੋਗਾ, 29 ਅਗਸਤ (ਵਿਸ਼ਵ ਵਾਰਤਾ) – ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਸ੍ਰੀ ਧਰੂਮਨ ਐਚ ਨਿੰਬਾਲੇ ਐਸ.ਐਸ.ਪੀ ਮੋਗਾ ਅਤੇ ਸ੍ਰੀ ਜਗਤਪ੍ਰੀਤ ਸਿੰਘ, ਐਸ.ਪੀ-ਡੀ ਦੇ ਯੋਗ ਹੁਕਮਾਂ ਅਧੀਨ ਜਸ਼ਨਦੀਪ ਸਿੰਘ ਗਿੱਲ ਡੀ.ਐਸ.ਪੀ ਸਿਟੀ ਮੋਗਾ ਅਤੇ ਉਹਨਾਂ ਦੀ ਪੁਲਿਸ ਟੀਮ ਦੁਆਰਾ ਅੰਤਰਰਾਸ਼ਟਰੀ ਸਰਹੱਦ ਤੋਂ ਅਸਲੇ ਦੀ ਖੇਪ ਬਰਾਮਦ ਕੀਤੀ ਗਈ ਹੈ ਅਤੇ ਕਈ ਮੁੱਕਦਮਿਆ ਵਿਚ ਲੋੜੀਂਦੇ ਦੋਸ਼ੀ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਧਰੂਮਨ ਐਚ ਨਿੰਬਾਲੇ
ਨੇ ਦੱਸਿਆ ਕਿ ਅਰਸ਼ਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਡਾਲਾ (ਹਾਲ ਆਬਾਦ ਕੈਨੇਡਾ, ਜੋ ਪੰਜਾਬ ਦਾ ਏ ਕੈਟਾਗਿਰੀ ਦਾ ਗੈਂਗਸਟਰ ਹੈ ਅਤੇ ਜਿਸ ਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਫਿਰੋਤੀ ਅਤੇ ਕਤਲ ਦੀਆਂ ਵਾਰਦਾਤਾਂ ਕਰਨ ਦੇ ਮੁਕੱਦਮੇ ਦਰਜ ਹਨ) ਵਿਦੇਸ਼ ਕੈਨੇਡਾ ਵਿਚ ਹੀ ਬੈਠ ਕੇ ਮੋਗਾ ਜਿਲ੍ਹਾ ਅਤੇ ਨਾਲ ਲੱਗਦੇ ਕਈ ਜਿਲਿਆ ਵਿਚ ਬਿਜਨਸਮੈਨਾ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੋਤੀ ਮੰਗਦਾ ਹੈ। ਜਿਲ੍ਹਾ ਮੋਗਾ ਦੇ ਸੁਪਰਸ਼ਾਈਨ ਸ਼ੋਅ ਰੂਮ ਮਾਲਕ ਦੇ ਕਤਲ, ਦਿਆਲਪੁਰਾ ਵਿਚ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ, ਸੁੱਖਾ ਲੰਮੇ ਗੈਂਗਸਟਰ ਦੇ ਕਤਲ ਅਤੇ ਫਿਲੋਰ ਵਿਚ ਮੰਦਰ ਦੇ ਪੰਡਿਤ ਤੇ ਜਾਨਲੇਵਾ ਹਮਲੇ ਵਿਚ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਦਾ ਪੂਰਾ ਸਹਿਯੋਗ ਸੀ। ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਖਿਲਾਫ ਵੱਖ-ਵੱਖ ਜ਼ਿਲਿਆਂ ਵਿਚ 11 ਦੇ ਕਰੀਬ ਮੁਕੱਦਮੇ ਦਰਜ ਹਨ।
ਬਲਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਜੋ ਕਿ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਦਾ ਭਰਾ ਹੈ ਜਿਸ ਖਿਲਾਫ਼ ਮੁੱਕਦਮਾ ਨੰਬਰ 140 ਮਿਤੀ 08-08-2020 ਅ/ਧ 384, 506, 120-ਬੀ ਭ:ਦ ਅਤੇ 25-27 ਅਸਲਾ ਐਕਟ ਥਾਣਾ ਸਿਟੀ ਸਾਊਥ ਮੋਗਾ (ਜਿਸ ਵਿਚ ਮੋਗਾ ਪੁਲਿਸ ਵੱਲੋਂ LOC ਜਾਰੀ ਕੀਤੀ ਗਈ ਸੀ। ਅਤੇ ਮੁਕੱਦਮਾਂ ਨੰਬਰ 38 ਮਿਤੀ 22-05-202? ਅ/ਧ 22-ਸੀ NDPS ACT, 25(6)/25(7) ARMS ACT, 386,387,397, 400 ਅਤੇ 115 IPC ਅਤੇ ਵਾਧਾ ਜੁਰਮ 10,11,16,18,20 Unlawful Activities (Prevention) Act 1967 ਤਹਿਤ ਮੁਕੱਦਮੇ ਦਰਜ ਹਨ।
ਬਲਦੀਪ ਸਿੰਘ ਨੂੰ ਮਾਣਯੋਗ ਕੋਰਟ ਤੋਂ ਬੇਲ ਮਿਲਣ ਤੋਂ ਬਾਅਦ ਉਹ ਗੈਰ ਹਾਜ਼ਰ ਹੋ ਗਿਆ ਸੀ, ਜਿਸ ਲਈ ਮੋਗਾ ਪੁਲਿਸ ਵੱਲੋਂ ਉਸਦੀ ਲਗਾਤਾਰ ਭਾਲ ਜਾਰੀ ਸੀ ਜਿਸ ਤਹਿਤ ਮੋਗਾ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਅਰਸ਼ਦੀਪ ਸਿੰਘ ਅਤੇ ਬਲਦੀਪ ਸਿੰਘ ਦੁਆਰਾ ਪੰਜਾਬ ਵਿਚ ਵਾਰਦਾਤਾਂ ਕਰਨ ਲਈ ਪਾਕਿਸਤਾਨ ਤੋਂ ਅੰਤਰ-ਰਾਸ਼ਟਰੀ ਸੀਮਾ ਰਾਹੀਂ ਭਾਰੀ ਵਿਦੇਸ਼ੀ ਅਸਲੇ ਦੀ ਖੇਪ ਮੰਗਵਾਈ ਗਈ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਮੋਗਾ ਪੁਲਿਸ ਦੀ ਟੀਮ ਜਿਸ ਦੀ ਅਗਵਾਈ ਸ੍ਰੀ ਜਸ਼ਨਦੀਪ ਸਿੰਘ ਗਿੱਲ, ਡੀ.ਐਸ.ਪੀ ਸਿਟੀ ਮੋਗਾ ਕਰ ਰਹੇ ਸਨ ਅਤੇ ਇੰਸਪੈਕਟਰ ਗੁਰਪ੍ਰੀਤ ਸਿੰਘ, ਐੱਸ ਐੱਚ ਓ ਸਿਟੀ ਮੋਗਾ ਦੁਆਰਾ Zajjol BOP, BSF Post ਬੀ.ਐਸ.ਐਫ. ਨਾਲ ਜੁਆਇੰਟ ਅਪ੍ਰੇਸ਼ਨ ਕਰਦੇ ਹੋਏ ਬਹੁਤ ਗਹੁ ਨਾਲ ਉਸ ਏਰੀਏ ਦੀ ਸਰਚ ਕੀਤੀ ਗਈ ਜਿਸ ਵਿਚ 4 ਅੰਤਰਰਾਸ਼ਟਰੀ ਪਿਸਤੌਲ (ਤਿੰਨ .30 ਬੋਰ ਅਤੇ ਇੱਕ .9 ਐਮ.ਐਮ), 4 ਮੈਗਜੀਨ, 8 ਬੁੱਲਟਸ ਅਤੇ ਛੋਟੇ ਬੈਗ ਭਾਰਤ ਅਤੇ ਪਾਕੀਸਤਾਨ ਦੇ ਅੰਤਰ ਰਾਸ਼ਟਰੀ ਬਾਰਡਰ ਦੀ ਜੀਰੋ ਲਾਈਨ ਤੋਂ ਬਰਾਮਦ ਕੀਤੇ ਹਨ, ਜਿਸ ਦੇ ਸਬੰਧ ਵਿਚ ਮੁਕੱਦਮਾ ਨੰਬਰ 144 ਮਿਤੀ 28 08-2021 ਅ/ਧ 384, 386, 506 ਅਤੇ 120-ਬੀ ਭ:ਦ ਅਤੇ 25 ਅਸਲਾ ਐਕਟ ਥਾਣਾ ਸਿਟੀ ਮੋਗਾ ਬਰਖਿਲਾਫ ਅਰਸ਼ਦੀਪ ਸਿੰਘ ਅਤੇ ਬਲਦੀਪ ਸਿੰਘ ਵਾਸੀ ਡਾਲਾ ਦਰਜ ਰਜਿਸਟਰ ਕੀਤਾ ਹੈ।
ਇਥੇ ਇਹ ਵੀ ਵਰਨਣਯੋਗ ਹੈ ਕਿ ਮੋਗਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਲਦੀਪ ਸਿੰਘ ਕਨੇਡਾ ਦੇ ਲਈ ਸਟੱਡੀ ਵੀਜ਼ਾ ਅਪਲਾਈ ਕਰਕੇ ਕੈਨੇਡਾ ਭੇਜਣ ਦੀ ਫਿਰਾਕ ਵਿਚ ਹੈ ਅਤੇ ਕੈਨੇਡਾ ਵਿਚ ਆਪਣੇ ਭਰਾ ਨਾਲ ਮਿਲ ਕੇ ਫਿਰੋਤੀ ਦਾ ਰੈਕਟ ਬਿਨ੍ਹਾ ਕਿਸੇ ਡਰ ਤੋਂ ਚਲਾ ਸਕੇ ਅਤੇ ਅਪ੍ਰੈਲ 2021 ਵਿਚ ਉਸਦਾ ਸਟੱਡੀ ਵੀਜ਼ਾ ਕੰਨਫਰਮ ਹੋਣ ਉਪਰੰਤ ਮਿਤੀ 28 ਅਗਸਤ 2021 ਨੂੰ ਬਲਦੀਪ ਸਿੰਘ ਦੀ ਦਿੱਲੀ ਇੰਦਰਾ ਗਾਂਧੀ ਏਅਰਪੋਰਟ ਤੋਂ ਕੈਨੇਡਾ ਲਈ ਸਵੇਰੇ 07:20 ਪਰ ਉਡਾਣ ਸੀ। ਮੋਗਾ ਪੁਲਿਸ ਦੁਆਰਾ ਭੇਜੀ ਗਈ ਜਾਣਕਾਰੀ ਕਾਰਨ ਜਦ ਬਲਦੀਪ ਸਿੰਘ ਦਿੱਲੀ ਏਅਰਪੋਰਟ ਵਿਖੇ ਕੈਨੇਡਾ ਜਾਣ ਲਈ ਪਹੁੰਚਿਆ ਤਾਂ ਏਅਰਪੋਰਟ ਸੁਰੱਖਿਆ ਦੁਆਰਾ ਮੋਗਾ ਪੁਲਿਸ ਨੂੰ ਤੁਰੰਤ ਸੂਚਿਤ ਕਰ ਦਿਤਾ, ਜਿਸ ਤੇ ਮੋਗਾ ਪੁਲਿਸ ਤੁਰੰਤ ਦਿੱਲੀ ਪਹੁੰਚ ਗਈ ਅਤੇ ਦੋਸ਼ੀ ਬਲਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਪਾਸੋ ਪੁਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।