ਮੈਰਿਜ ਪੈਲੇਸਾਂ ’ਚ ਹਥਿਆਰ ਲਿਜਾਣ ਅਤੇ ਫਾਇਰ ਕਰਨ ’ਤੇ ਪੂਰਨ ਮਨਾਹੀ ਦੇ ਹੁਕਮ
ਅੰਮ੍ਰਿਤਸਰ, 14 ਜੁਲਾਈ 2021 -ਜ਼ਿਲ੍ਹਾ ਮੈਜਿਸਟਰੇਟ ਅੰਮਿ੍ਰਤਸਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੇ ਦਿਹਾਤੀ ਏਰੀਏ ਵਿਚ ਚੱਲ ਰਹੇ ਮੈਰਿਜ ਪੈਲੇਸਾਂ ਵਿਚ ਹਥਿਆਰ ਆਦਿ ਲੈ ਕੇ ਆਉਣ ਅਤੇ ਫਾਇਰ ਕਰਨ ’ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਜਾਰੀ ਹੁਕਮ ਵਿਚ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਹੈ ਕਿ ਸੀਨੀਅਰ ਪੁਲਿਸ ਕਪਤਾਨ, ਅੰਮ੍ਰਿਤਸਰ (ਦਿਹਾਤੀ) ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਹੈ ਕਿ ਕਾਫੀ ਗਿਣਤੀ ਵਿਚ ਮੈਰਿਜ ਪੈਲੇਸ ਚੱਲ ਰਹੇ ਹਨ ਅਤੇ ਇਨ੍ਹਾਂ ਪੈਲੇਸਾਂ ਵਿਚ ਹੁੰਦੇ ਸਮਾਰੋਹਾਂ ਦੌਰਾਨ ਕਈ ਲੋਕਾਂ ਵੱਲੋਂ ਹਥਿਆਰ ਨਾਲ ਲੈ ਕੇ ਜਾਣਾ ਅਤੇ ਹਵਾਈ ਫਾਇਰ ਕਰਨਾ ਇਕ ਜਸ਼ਨ ਜਿਹਾ ਬਣ ਗਿਆ ਹੈ, ਜਿਸ ਨਾਲ ਕਈ ਵਾਰ ਅਣਸੁਖਾਵੀਆਂ ਘਟਨਾਵਾਂ ਵਾਪਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਜ਼ਿਲ੍ਹਾ ਦਿਹਾਤੀ ਇਲਾਕੇ ਵਿਚ ਚੱਲ ਰਹੇ ਮੈਰਿਜ ਪੈਲੇਸਾਂ ਅੰਦਰ ਹਥਿਆਰ ਲੈ ਕੇ ਜਾਣ ਅਤੇ ਹਵਾਈ ਫਾਇਰ ਕਰਨ ’ਤੇ ਰੋਕ ਲਗਾਈ ਜਾਣੀ ਅਤਿ ਜ਼ਰੂਰੀ ਹੈ। ਇਹ ਪਾਬੰਦੀ ਦਾ ਹੁਕਮ ਸਖਤੀ ਨਾਲ 14 ਸਤੰਬਰ 2021 ਤੱਕ ਲਾਗੂ ਰਹੇਗਾ।