ਮੈਚ ਤੋਂ ਪਹਿਲਾਂ ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ
ਹਸਪਤਾਲ ਵਿੱਚ ਦਾਖਲ ਹੋਇਆ ਟੀਮ ਦਾ ਪ੍ਰਮੁੱਖ ਖਿਡਾਰੀ
ਚੰਡੀਗੜ੍ਹ, 2ਮਈ(ਵਿਸ਼ਵ ਵਾਰਤਾ)- ਵਿਸ਼ਵ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਲੀਗ ਆਈਪੀਐਲ ਦਾ 14ਵਾਂ ਸੀਜ਼ਨ ਜਾਰੀ ਹੈ। ਅੱਜ ਸ਼ਾਮ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਆਹਮੋ-ਸਾਹਮਣੇ ਹੋਣਗੇ। ਪਰ ਇਸ ਵਿਚਾਲੇ ਪੰਜਾਬ ਕਿੰਗਜ਼ ਦੇ ਚਾਹੁਣ ਵਾਲਿਆਂ ਲਈ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ, ਪੰਜਾਬ ਦੇ ਕਪਤਾਨ ਅਤੇ ਪ੍ਰਮੁੱਖ ਬੱਲੇਬਾਜ਼ ਕੇ.ਐੱਲ.ਰਾਹੁਲ ਨੂੰ ਪੇਟ ਦਰਦ ਕਾਰਨ ਐਂਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰੀ ਜਾਂਚ ਤੋਂ ਬਾਅਦ ਟੀਮ ਦੇ ਸ਼ੋਸ਼ਲ ਮੀਡੀਆ ਹੈਂਡਲ ਤੋਂ ਇਹ ਜਾਣਕਾਰੀ ਜਨਤਕ ਕੀਤੀ ਗਈ ਹੈ ਕਿ ਕੇ.ਐੱਲ.ਰਾਹੁਲ ਨੂੰ ਅਪੈਂਡਿਸਿਟਿਸ ਹੈ ਅਤੇ ਇਸ ਦੀ ਸਰਜਰੀ ਜਲਦ ਹੀ ਕੀਤੀ ਜਾਵੇਗੀ। ਖ਼ਬਰ ਮਿਲਣ ਤੋਂ ਬਾਅਦ ਇੰਸਟਾਗ੍ਰਾਮ ਅਤੇ ਟਵੀਟਰ ਤੇ ਉਹਨਾਂ ਦੇ ਚਾਹੁਣ ਵਾਲਿਆਂ ਨੇ ਉਹਨਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ।