ਮੈਂ ਆਪਣੇ ਨਾਟਕ ‘ਸਰਦਾਰ’ ਵਿਚ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੀ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਦੁਹਰਾਉਂਣ ਤੋਂ ਗੁਰੇਜ਼ ਕੀਤਾ ਹੈ -ਸੰਜੀਵਨ
ਚੰਡੀਗੜ੍ਹ,27 ਸਤੰਬਰ(ਵਿਸ਼ਵ ਵਾਰਤਾ)-ਨਾਟਕਕਾਰ ਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਕਰਮੀਆਂ ਨਾਲ ਗੱਲ ਕਰਦੇ ਕਿਹਾ ਕਿ ਮੈਂ ਆਪਣੇ ਨਾਟਕ ‘ਸਰਦਾਰ’ ਵਿਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਦੁਹਰਾਉਂਣ ਤੋਂ ਗੁਰੇਜ਼ ਕੀਤਾ ਹੈ। ਜਿਨ੍ਹਾਂ ਤੋਂ ਆਮ ਲੋਕ ਜਾਣੂੰ ਹਨ।ਜਿਨ੍ਹਾਂ ਉਪਰ ਅਨੇਕਾਂ ਫਿਲਮਾਂ ਤੇ ਨਾਟਕ ਹੋ ਚੁੱਕੇ ਹਨ।ਮੈਂ ਇਸ ਨਾਟਕ ਵਿਚ ਭਗਤ ਸਿੰਘ ਵਰਗੇ ਮਹਾਨ ਨਾਇਕ ਨੂੰ ਇਕ ਸਧਾਰਣ ਤੇ ਆਮ ਮਨੁੱਖ ਵੱਜੋਂ ਪੇਸ਼ ਕਰਨ ਦਾ ਯਤਨ ਕੀਤਾ ਹੈ।
ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ 115ਵੇਂ ਜਨਮ ਦਿਨ ਨੂੰ ਸਮਰਪਿਤ ਉਨ੍ਹਾਂ ਦੀ ਜ਼ਿੰਦਗੀ ਦੇ ਅਣਛੋਹੇ ਪਲਾਂ ਤੇ ਘਟਨਾਵਾਂ ਦੀ ਗੱਲ ਕਰਦੇ ਨਾਟਕ ‘ਸਰਦਾਰ’ ਦਾ ਮੰਚਣ 28 ਸਤੰਬਰ, ਬੁੱਧਵਾਰ ਨੂੰ ਸ਼ਾਮ 6.30 ਵਜੇ ਰੰਧਾਵਾ ਆਡੀਟੋਰੀਅਮ, ਪੰਜਾਬ ਕਲਾ ਭਵਨ,ਸੈਕਟਰ-16, ਚੰਡੀਗੜ੍ਹ ਵਿਖੇ ਸਰਘੀ ਕਲਾ ਕੇਂਦਰ, ਮੁਹਾਲੀ ਵੱਲੋਂ ਸੰਗੀਤ ਨਾਟਕ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਹੋ ਰਿਹਾ ਹੈ।
ਨਾਟਕ ਵਿਚ ਉਘੇ ਸ਼ਾਇਰ ਜਸਵਿੰਦਰ ਦੇ ਲਿਖੇ ਗੀਤਾਂ ਨੂੰ ਸੰਗੀਤਬੱਧ ਅਤੇ ਆਵਾਜ਼ ਨੌਜਵਾਨ ਗਾਇਕ ਗੁਰਮਨ ਗਿੱਲ ਨੇ ਦਿੱਤੀ ਹੈ ਅਤੇ ਸੰਗੀਤ ਦਾ ਸੰਚਾਨ ਊਦੈਰਾਗ ਅਤੇ ਸੰਜੀਵ ਦੀਵਾਨ ਕੁੱਕੂ ਰੌਸ਼ਨੀ ਦੀ ਵਿਊਂਤਬੰਦੀ ਕਰ ਰਹੇ ਹਨ।ਪੰਜਾਬੀ ਰੰਗਮੰਚ ਅਤੇ ਫਿਲਮਾਂ ਦੇ ਮਸ਼ਹੂਰ ਅਦਾਕਾਰ ਰੰਜੀਵਨ ਸਿੰਘ, ਰਿੰਕੂ ਜੈਨ, ਜਸਦੀਪ ਜੱਸੂ ਅਤੇ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਤੋਂ ਇਲਾਵਾ ਸਾਰੂ ਰਾਣਾ, ਜਸਪ੍ਰੀਤ ਕੌਰ, ਰਿਸ਼ਮਰਾਮ, ਜਗਦੀਪ, ਬਲਦੇਵ ਸਨੌਰੀ, ਦੀਪਕ ਚੌਧਰੀ, ਸਰਬਪ੍ਰੀਤ ਸਿੰਘ, ਅਮਨਦੀਪ ਨਾਟਕ ਵਿਚ ਵੱਖ-ਵੱਖ ਕਿਰਦਾਰ ਅਦਾ ਕਰ ਰਹੇ ਹਨ।