ਮੇਲਿਆਂ, ਸਮਾਗਮਾਂ ਤੇ ਵਿਦਿਅਕ ਅਦਾਰਿਆਂ ’ਚ ਹਥਿਆਰ ਲੈ ਕੇ ਜਾਣ ’ਤੇ ਮਨਾਹੀ
ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਤੇ ਹਥਿਆਰਾਂ/ਹਿੰਸਾ ਨੂੰ ਵਡਿਆਉਂਦੇ ਗੀਤਾਂ ’ਤੇ ਵੀ ਪਾਬੰਦੀ
ਨਵਾਂਸ਼ਹਿਰ, 14 ਜਨਵਰੀ (ਵਿਸ਼ਵ ਵਾਰਤਾ)- ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸਿਵਲ ਰਿਟ ਪਟੀਸ਼ਨ 6213/2016 ’ਚ ਦਿੱਤੀਆਂ ਮਿਤੀ 22.07.2019 ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਅਤੇ ਪ੍ਰਮੁੱਖ ਸਕੱਤਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਅਮਨ-ਕਾਨੂੰਨੀ ਦੀ ਸਥਿਤੀ ਕਾਇਮ ਰੱਖਣ ਦੇ ਮੱਦੇਨਜ਼ਰ ਪ੍ਰਾਪਤ ਆਦੇਸ਼ਾਂ ਦੀ ਪਾਲਣਾ ’ਚ ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਮੇਲਿਆਂ, ਸਮਾਗਮਾਂ ਤੇ ਵਿਦਿਅਕ ਅਦਾਰਿਆਂ ’ਚ ਹਥਿਆਰ ਲੈ ਕੇ ਜਾਣ ਤੇ ਉਨ੍ਹਾਂ ਦੇ ਪ੍ਰਦਰਸ਼ਨ ਦੀ ਮਨਾਹੀ ਕੀਤੀ ਹੈ।
ਫੌਜਦਾਰੀ ਜ਼ਾਬਤਾ ਸੰਘਤਾ 1973 (1974) ਦੇ ਐਕਟ 2 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਤਹਿਤ ਜਾਰੀ ਇਨ੍ਹਾਂ ਹੁਕਮਾਂ ’ਚ ਜ਼ਿਲ੍ਹੇ ’ਚ ਕਿਸੇ ਵੀ ਤਰ੍ਹਾਂ ਦੇ ਮੈਰਿਜ ਪੈਲੇਸ/ਰਿਜ਼ੋਰਟ, ਮੇਲੇ, ਧਾਰਮਿਕ ਸਥਾਨਾਂ, ਜਲੂਸ, ਬਰਾਤ, ਵਿਆਹ ਪਾਰਟੀਆਂ ਜਾਂ ਹੋਰ ਸਮਾਗਮ/ਜਨਤਕ ਇਕੱਠਾਂ ਅਤੇ ਵਿਦਿਅਕ ਅਦਾਰਿਆਂ ’ਚ ਅਸਲਾ/ਹਥਿਆਰ ਲਿਜਾਣ ਅਤੇ ਪ੍ਰਦਰਸ਼ਨ ਕਰਨ ’ਤੇ ਪੂਰਨ ਪਾਬੰਦੀ ਹੋਵੇਗੀ।
ਇਸ ਤੋਂ ਇਲਾਵਾ ਹਥਿਆਰਾਂ ਦੇੇ ਜਨਤਕ ਪ੍ਰਦਰਸ਼ਨ ’ਤੇ ਪੂਰਨ ਪਾਬੰਦੀ ਲਾਉਂਦਿਆਂ ਇਨ੍ਹਾਂ ਦਾ ਸੋਸ਼ਲ ਮੀਡੀਆ ’ਤੇ ਪ੍ਰਦਰਸ਼ਨ ਕਰਨ ’ਤੇ ਵੀ ਪਾਬੰਦੀ ਲਾਗੂ ਰਹੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ’ਤੇ ਵੀ ਪੂਰਨ ਪਾਬੰਦੀ ਰਹੇਗੀ। ਇਹ ਹੁਕਮ 14 ਜਨਵਰੀ ਤੋਂ 13 ਮਾਰਚ 2023 ਤੱਕ ਲਾਗੂ ਰਹਿਣਗੇ।