ਮੁੱਖ ਮੰਤਰੀ ਵੱਲੋਂ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਪ੍ਰਗਟਾਇਆ ਦੁੱਖ
ਚੰਡੀਗੜ, 2 ਸਤੰਬਰ(ਵਿਸ਼ਵ ਵਾਰਤਾ):ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸਾਬਕਾ ਰਾਜ ਸਭਾ ਮੈਂਬਰ ਅਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਜੋ ਬੀਤੀ ਦੇਰ ਰਾਤ ਸੰਖੇਪ ਬੀਮਾਰੀ ਪਿੱਛੋਂ ਨਵੀਂ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ ਸਨ। ਉਹ 65 ਵਰਿਆਂ ਦੇ ਸਨ ਅਤੇ ਆਪਣੇ ਪਿੱਛੇ ਪਤਨੀ ਤੇ ਦੋ ਪੁੱਤਰ ਛੱਡ ਗਏ ਹਨ।
ਆਪਣੇ ਟਵੀਟ ਵਿੱਚ ਮੁੱਖ ਮੰਤਰੀ ਨੇ ਕਿਹਾ,‘‘ਸੀਨੀਅਰ ਪੱਤਰਕਾਰ ਅਤੇ ਸਾਬਕਾ ਰਾਜ ਸਭਾ ਸੰਸਦ ਮੈਂਬਰ ਚੰਦਨ ਮਿੱਤਰਾ ਦੇ ਦੇਹਾਂਤ ਬਾਰੇ ਜਾਣ ਕੇ ਦੁੱਖ ਹੋਇਆ। ਮੈਂ ਉਨਾਂ ਨਾਲ ਆਪਣੀ ਪੁਰਾਣੀ ਸਾਂਝ ਨੂੰ ਯਾਦ ਕਰਦਾ ਹਾਂ। ਰੱਬ ਉਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਅਤੇ ਵਿਛੜੀ ਰੂਹ ਨੂੰ ਸਦੀਵੀ ਸ਼ਾਂਤੀ ਬਖਸ਼ੇ।’’
ਜ਼ਿਕਰਯੋਗ ਹੈ ਕਿ ਮਿੱਤਰਾ ਨੇ ‘ਦ ਸਟੇਟਸਮੈਨ’, ‘ਦ ਟਾਈਮਜ਼ ਆਫ ਇੰਡੀਆ’, ‘ਦ ਸੰਡੇ ਆਬਜ਼ਰਵਰ’, ‘ਹਿੰਦੁਸਤਾਨ ਟਾਈਮਜ਼’ ਅਤੇ ‘ਦ ਪਾਇਨੀਅਰ’ ਵਿੱਚ ਕੰਮ ਕੀਤਾ ਅਤੇ ਬਾਅਦ ਵਿੱਚ ਪਾਇਨੀਅਰ ਅਖਬਾਰ ਦੇ ਸੰਪਾਦਕ ਅਤੇ ਐਮ.ਡੀ. ਬਣੇ।
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਚੰਦਨ ਮਿੱਤਰਾ ਦੇ ਦੇਹਾਂਤ ’ਤੇ ਅਫਸੋਸ ਪ੍ਰਗਟ ਕਰਦੇ ਹੋਏ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।