ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਡਨ ਤੋਂ ਆਪਣੀ ਸਰਕਾਰ ਦੇ ਨਿਵੇਕਲੇ ਉੱਦਮ ਦਾ ਆਰੰਭ ਕਰਦਿਆਂ‘ਆਪਣੀਆਂ ਜੜਾਂ ਨਾਲ ਜੁੜੋ’ ਆਲਮੀ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਉਨਾਂ ਆਖਿਆ ਕਿ ਇਹ ਪ੍ਰੋਗਰਾਮ ਦੂਜੇ ਮੁਲਕਾਂ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਬਾਰੇ ਜਾਣੂੰ ਕਰਵਾੳਣ ਦੇ ਨਾਲ-ਨਾਲ ਉਨਾਂ ਨੂੰ ਖਾਲਿਸਤਾਨੀਆਂ ਦੇ ਝੂਠੇ ਪ੍ਰਚਾਰ ਤੋਂ ਦੂਰ ਰੱਖਣ ਵਿੱਚ ਸਹਾਈ ਹੋਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਭਾਰਤ ਤੋਂ ਬਾਹਰੀ ਮੁਲਕਾਂ ਵਿੱਚ ਜੰਮੀ-ਪਲੀ ਤੀਜੀ ਤੇ ਚੌਥੀ ਪੀੜੀ ਦੇ ਨੌਜਵਾਨਾਂ ਨੂੰ ਝੂਠੇ ਪ੍ਰਚਾਰ ਰਾਹੀਂ ਗੁੰਮਰਾਹ ਕੀਤਾ ਜਾ ਰਿਹਾ ਹੈ ਜੋ ਖਾਲਿਸਤਾਨੀ ਲਹਿਰ ਦੀ ਪ੍ਰੋੜਤਾ ਕਰਦਾ ਹੈ। ਉਨਾਂ ਆਖਿਆ ਕਿ ਇਸ ਉਪਰਾਲੇ ਦਾ ਉਦੇਸ਼ ਇਨਾਂ ਨੌਜਵਾਨਾਂ ਨੂੰ ਪੰਜਾਬ ਦੀ ਸੱਚੀ ਤਸਵੀਰ ਦਿਖਾਉਣਾ ਹੈ।
ਮੁੱਖ ਮੰਤਰੀ ਨੇ ਇਨਾਂ ਨੌਜਵਾਨਾਂ ਨੂੰ ਖੁੱਲੇ ਮਾਹੌਲ ਵਿੱਚ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਨੂੰ ਸਮਝਣ ਅਤੇ ਆਪਣੀ ਪਹਿਚਾਣ ਨੂੰ ਮੁੜ ਲੱਭਣ ਲਈ ਸ਼ੁਰੂ ਕੀਤੀ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ 16 ਤੋਂ 22 ਸਾਲ ਦੀ ਉਮਰ ਦੇ ਮੁੰਡੇ ਤੇ ਕੁੜੀਆਂ ਖਾਸਕਰ ਕਦੀ ਵੀ ਭਾਰਤ ਨਾ ਆਉਣ ਵਾਲੇ ਨੌਜਵਾਨਾਂ ਨੂੰ ਸਰਕਾਰ ਵੱਲੋਂ ਸ਼ੁਰੂ ਕੀਤੇ ਦੋ ਹਫਤਿਆਂ ਦੇ ਪ੍ਰੋਗਰਾਮ ਵਿੱਚ ਵਧ-ਚੜ ਕੇ ਸ਼ਾਮਲ ਹੋਣ ਦਾ ਵੀ ਸੱਦਾ ਦਿੱਤਾ ਜੋ ਉਨਾਂ ਨੂੰ ਆਪਣੀਆਂ ਜੜਾਂ ਨਾਲ ਜੁੜਣ ਦਾ ਮੌਕਾ ਮੁਹੱਈਆ ਕਰਵਾਏਗਾ।
ਮੁੱਖ ਮੰਤਰੀ ਨੇ ਆਖਿਆ ਕਿ ਇਹ ਪ੍ਰੋਗਰਾਮ ਉਨਾਂ ਦੀ ਪਾਰਟੀ ਤੇ ਸਰਕਾਰ ਦੀ ਸੋਚ ਤੋਂ ਪ੍ਰੇਰਿਤ ਹੋਣ ਦੇ ਨਾਲ-ਨਾਲ ਭਾਰਤ ਸਰਕਾਰ ਦੀ ਇੱਛਾ ਮੁਤਾਬਕ ਹੈ ਕਿ ਅਜਿਹੇ ਨੌਜਵਾਨਾਂ ਨੂੰ ਪੰਜਾਬ ਆ ਕੇ ਸੂਬੇ ਦੀ ਸਫਲਤਾ ਅਤੇ ਨਾਕਾਮੀ ਦਾ ਪਤਾ ਲਾਉਣ ਲਈ ਵਿਦਿਆਰਥੀਆਂ ਸਮੇਤ ਹੋਰ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਇਹ ਪ੍ਰੋਗਰਾਮ ਉਨਾਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਦੇ ਨਾਲ-ਨਾਲ ਆਪਣੇ ਪੁਰਖਿਆਂ ਦੀਆਂ ਜੜਾਂ ਨਾਲ ਜੁੜਣ ਦਾ ਮੰਚ ਮੁਹੱਈਆ ਕਰਵਾਏਗਾ।
ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਨੂੰ ਭਰੋਸਾ ਦਿਵਾਇਆ ਕਿ ਇਸ ਪ੍ਰੋਗਰਾਮ ਨੂੰ ਸਿਆਸਤ ਲਈ ਵਰਤਣ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ। ਉਨਾਂ ਨੇ ਨੌਜਵਾਨਾਂ ਨੂੰ ਭਾਰਤ ਵਿੱਚ ਆ ਕੇ ਕਿਸੇ ਵੀ ਸਿਆਸੀ ਪਾਰਟੀ ਨਾਲ ਖੁੱਲੀ ਗੱਲਬਾਤ ਕਰਨ ਅਤੇ ਖੁਦ ਹੀ ਇਸ ਮੁਲਕ ਬਾਰੇ ਆਪਣੀ ਰਾਏ ਬਣਾਉਣ ਲਈ ਆਖਿਆ ਅਤੇ ਇੱਥੋਂ ਵਾਪਸ ਜਾ ਕੇ ਵਿਦੇਸ਼ਾਂ ਵਿੱਚ ਵਸਦੇ ਬਾਕੀ ਨੌਜਵਾਨਾਂ ਨੂੰ ਹਕੀਕਤ ਬਾਰੇ ਜਾਣੂੰ ਕਰਵਾਇਆ ਜਾਵੇ। ਉਨਾਂ ਆਖਿਆ ਕਿ ਇਸ ਭਾਈਵਾਲੀ ਦਾ ਦੁਵੱਲਾ ਲਾਭ ਹੋਵੇਗਾ। ਉਨਾਂ ਨੇ ਇਨਾਂ ਨੌਜਵਾਨਾਂ ਨੂੰ ਆਖਿਆ ‘ਤੁਸੀਂ ਭਾਰਤ ਦੀ ਖੁਸ਼ਹਾਲੀ ਲਈ ਸਾਡੀ ਮਦਦ ਕਰ ਸਕਦੇ ਹੋ ਅਤੇ ਇਸ ਦੇ ਇਵਜ਼ ਵਿੱਚ ਅਸੀਂ ਤੁਹਾਡੇ ਵੱਲੋਂ ਅਪਣਾਏ ਮੁਲਕਾਂ ਦੀ ਖੁਸ਼ਹਾਲੀ ਲਈ ਮਦਦ ਕਰ ਸਕਦੇ ਹਾਂ।’
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਨਾਂ ਦੀ ਇਹ ਨਿੱਜੀ ਖਾਹਿਸ਼ ਹੈ ਕਿ ਇਹ ਨੌਜਵਾਨ ਪੰਜਾਬ ਆਉਣ ਅਤੇ ਸਰਕਾਰ ਕੋਲ ਸੂਬੇ ਬਾਰੇ ਆਪਣੀਆਂ ਭਾਵਨਾਵਾਂ ਨੂੰ ਉਜਾਗਰ ਕਰਨ ਤੋਂ ਇਲਾਵਾ ਇਸ ਗੱਲ ਲਈ ਵੀ ਰਾਏ ਦੇਣ ਕਿ ਸਥਿਤੀ ਹੋਰ ਬਿਹਤਰ ਬਣਾਉਣ ਲਈ ਕੀ ਕੁਝ ਕੀਤਾ ਜਾ ਸਕਦਾ ਹੈ। ਉਨਾਂ ਅਫਸੋਸ ਜ਼ਾਹਰ ਕਰਦਿਆਂ ਆਖਿਆ ਕਿ ਉਨਾਂ ਦੇ ਮਨਾਂ ਵਿੱਚ ਪੰਜਾਬ ਬਾਰੇ ਗਲਤ ਧਾਰਨਾਵਾਂ ਪੈਦਾ ਕੀਤੀਆਂ ਗਈਆਂ ਹਨ।
ਮੁੱਖ ਮੰਤਰੀ ਨੇ ਆਖਿਆ ਕਿ ਉਹ ਤੇ ਉਨਾਂ ਦੇ ਸਾਥੀ ਖੁਦ ਪੰਜਾਬ ਵਿੱਚ ਇਨਾਂ ਨੌਜਵਾਨਾਂ ਦਾ ਸਵਾਗਤ ਕਰਨਗੇ ਅਤੇ ਇਨਾਂ ਨੌਜਵਾਨਾਂ ਦੇ ਘੁੰਮਣ-ਫਿਰਣ ’ਤੇ ਕੋਈ ਬੰਦਿਸ਼ ਨਹੀਂ ਹੋਵੇਗੀ ਸਗੋਂ ਉਹ ਜਿੱਥੇ ਵੀ ਜਾਣਾ ਚਾਹੁਣ, ਜਾ ਸਕਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਨੌਜਵਾਨ ਪੰਜਾਬ ਦੀ ਸੱਚੀ ਆਵਾਜ਼ ਬਣ ਕੇ ਉਭਰਨ। ਉਨਾਂ ਆਖਿਆ ਕਿ ਜਿਸ ਵੇਲੇ ਉਨਾਂ ਦੀ ਸਰਕਾਰ ਸੂਬੇ ਦੇ ਵਿਕਾਸ ਲਈ ਖਾਸ ਕਰਕੇ 90 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਪੂਰੀ ਵਾਹ ਲਾ ਰਹੀ ਹੈ ਤਾਂ ਇਸ ਵੇਲੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਖੁਦ ਆ ਕੇ ਪੰਜਾਬ ਨੂੰ ਮੁੜ ਤਰੱਕੀ ਦੀ ਲੀਹ ’ਤੇ ਪਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਨੌਜਵਾਨਾਂ ਨੂੰ ਆਪਣੇ ਜੱਦੀ ਸਥਾਨ ’ਤੇ ਆਉਣ ਦਾ ਮੌਕਾ ਪ੍ਰਦਾਨ ਕਰੇਗਾ ਜਿੱਥੇ ਉਨਾਂ ਦੇ ਮਾਪੇ ਜਾਂ ਦਾਦੇ-ਪੜਦਾਦੇ ਪੈਦਾ ਹੋਏ ਅਤੇ ਆਪਣੇ ਜੀਵਨ ਦੇ ਮੁਢਲੇ ਦਿਨ ਇਨਾਂ ਥਾਵਾਂ ’ਤੇ ਗੁਜ਼ਾਰੇ ਸਨ। ਇਹ ਪ੍ਰੋਗਰਾਮ ਉਨਾਂ ਨੂੰ ਆਪਣੇ ਪੁਰਖਿਆਂ ਦੀ ਬੋਲੀ ਵਿੱਚ ਗੱਲਾਂ ਕਰਨ ਦਾ ਮੌਕਾ ਮੁਹੱਈਆ ਕਰਵਾਏਗਾ।
ਇਸ ਪ੍ਰੋਗਰਾਮ ਅਧੀਨ ਹਰੇਕ ਦੋ ਮਹੀਨਿਆਂ ਵਿੱਚ 15 ਨੌਜਵਾਨਾਂ ਦਾ ਗਰੁੱਪ ਪੰਜਾਬ ਆਵੇਗਾ ਜਿਸ ਵਿੱਚ ਵੱਖ-ਵੱਖ ਮੁਲਕਾਂ ਦੇ ਨੌਜਵਾਨ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਲਈ ਇਸ ਸਾਲ ਸੂਬਾ ਸਰਕਾਰ ਨੇ ਬਜਟ ਦਾ ਉਪਬੰਧ ਪਹਿਲਾਂ ਹੀ ਕੀਤਾ ਹੋਇਆ ਹੈ। ਸਰਕਾਰ ਵੱਲੋਂ ਬਾਕੀ ਮੁਲਕਾਂ ਤੋਂ ਪਹਿਲਾਂ ਨੌਜਵਾਨਾਂ ਦੇ ਪਹਿਲੇ ਤਿੰਨ ਗਰੁੱਪ ਬਰਤਾਨੀਆ ਤੋਂ ਲਿਆਉਣ ਬਾਰੇ ਵਿਚਾਰਿਆ ਜਾ ਸਕਦਾ ਹੈ।
ਪਹਿਲੇ ਪੜਾਅ ਵਿੱਚ ਇਸ ਪ੍ਰੋਗਰਾਮ ਦੇ ਹਿੱਸੇ ਵਜੋਂ ਬਰਤਾਨੀਆ ਤੋਂ ਇਲਾਵਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਯੂਰਪੀਅਨ ਯੂਨੀਅਨ ਦੇ ਨੌਜਵਾਨ ਲਿਆਉਣ ਦਾ ਪ੍ਰਸਤਾਵ ਹੈ ਜਿਸ ਲਈ ਅਰਜ਼ੀਕਰਤਾ ਨੂੰ ਭਾਰਤ ਆਉਣ-ਜਾਣ ਦਾ ਖਰਚਾ ਸਹਿਣ ਕਰਨਾ ਹੋਵੇਗਾ ਜਦਕਿ ਪੰਜਾਬ ਵਿੱਚ ਰਹਿਣ-ਸਹਿਣ, ਸਥਾਨਕ ਆਉਣ-ਜਾਣ ਲਈ ਅਤੇ ਵੱਖ-ਵੱਖ ਥਾਵਾਂ ਦੇਖਣ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਸਹਿਣ ਕੀਤਾ ਜਾਵੇਗਾ। ਪ੍ਰਚਾਰ ਸਮਗਰੀ ਸਬੰਧਤ ਮੁਲਕਾ ਦੇ ਦੂਤਘਰਾਂ/ਹਾਈ ਕਮਿਸ਼ਨਾਂ ਨੂੰ ਪਹੁੰਚਾਈ ਜਾਵੇਗੀ। ਇਸ ਸਕੀਮ ਨੂੰ ਅੱਗੇ ਲਿਜਾਣ ਦਾ ਜ਼ਿੰਮਾ ਐਨ.ਆਰ.ਆਈ. ਮਾਮਲਿਆਂ ਦੇ ਸਕੱਤਰ ਨੂੰ ਸੌਂਪਿਆ ਗਿਆ ਹੈ।
ਇਸ ਸਕੀਮ ਅਧੀਨ ਇਕ ਪਿੰਡ ਵਿੱਚ ਤਿੰਨ ਦਿਨਾਂ ਲਈ ਘਰ ਵਿੱਚ ਠਹਿਰ ਹੋਣ ਤੋਂ ਇਲਾਵਾ ਇਨਾਂ ਨੌਜਵਾਨਾਂ ਨੰੂ ਪੁਰਾਣੀਆਂ ਯਾਦਗਾਰਾਂ ਦਿਖਾਉਣ ਦੇ ਨਾਲ-ਨਾਲ ਪਟਿਆਲਾ, ਅੰਮਿ੍ਰਤਸਰ, ਲੁਧਿਆਣਾ ਅਤੇ ਉਨਾਂ ਦੀ ਇੱਛਾ ਮੁਤਾਬਕ ਹੋਰ ਥਾਵਾਂ ਤੋਂ ਖਾਣ-ਪੀਣ ਵਾਲੀਆਂ ਮਸ਼ਹੂਰ ਦੁਕਾਨਾਂ ਤੋਂ ਰਵਾਇਤੀ ਪਕਵਾਨਾਂ ਦਾ ਆਨੰਦ ਮਾਨਣ ਦਾ ਮੌਕਾ ਦਿੱਤਾ ਜਾਵੇਗਾ। ਇਸੇ ਤਰਾਂ ਸ੍ਰੀ ਹਰਿਮੰਦਰ ਸਾਹਿਬ, ਜਲਿਆਂ ਵਾਲਾ ਬਾਗ,ਵਾਹਗਾ ਬਾਰਡਰ, ਬੰਗਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰ ਅਤੇ ਵਿਰਾਸਤ-ਏ-ਖਾਲਸਾ ਅਨੰਦਪੁਰ ਸਾਹਿਬ ਵਰਗੀਆਂ ਇਤਿਹਾਸਕ, ਸੱਭਿਆਚਾਰਕ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਲਿਜਾਇਆ ਜਾਵੇਗਾ।
ਇਸ ਪ੍ਰੋਗਰਾਮ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਫੇਸਬੁਕ ’ਤੇ ਵੀ ਇਕ ਪੇਜ ਬਣਾਇਆ ਗਿਆ ਹੈ। ਇਸ ਪ੍ਰੋਗਰਾਮ ਵਿੱਚ ਦਿਲਚਸਪੀ ਰੱਖਣ ਵਾਲੇ ਨੌਜਵਾਨ ਈ-ਮੇਲ connect_with_your_roots@punjab.gov.in ਤੇ cyr@punjab.gov.in. ਰਾਹੀਂ ਪਹੁੰਚ ਕਰ ਸਕਦੇ ਹਨ।
ਸਰਕਾਰ ਦਾ ਇਕ ਹੋਰ ਪ੍ਰੋਗਰਾਮ ‘ਪੰਜਾਬ ਦੇ ਮਿੱਤਰ-ਮੁੱਖ ਮੰਤਰੀ ਗਰਿਮਾ ਗ੍ਰਾਮ ਯੋਜਨਾ’ ਰਾਹੀਂ ਪਰਵਾਸੀ ਪੰਜਾਬੀਆਂ ਨੂੰ ਆਪਣੀਆਂ ਜੜਾਂ ਨਾਲ ਜੋੜੇਗਾ ਜਿਨਾਂ ਨੇ ਵਿਦੇਸ਼ੀ ਧਰਤੀ ਨੂੰ ਆਪਣਾ ਘਰ ਬਣਾ ਲਿਆ ਅਤੇ ਸਖਤ ਮਿਹਨਤ ਅਤੇ ਸਮਰਪਤ ਭਾਵਨਾ ਨਾਲ ਦੁਨਿਆ ਭਰ ਦੇ ਮੁਲਕਾਂ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਇਆ। ਇਹ ਪ੍ਰੋਗਰਾਮ ਪਰਵਾਸੀ ਪੰਜਾਬੀਆਂ ਨੂੰ ਆਪਣੀਆਂ ਜੜਾਂ ਨਾਲ ਜੋੜੇਗਾ ਅਤੇ ਪੇਂਡੂ ਵਿਕਾਸ ਦੇ ਕੰਮਾਂ ਵਿੱਚ ਬਰਾਬਰ ਦੇ ਵਿੱਤੀ ਯੋਗਦਾਨ ਰਾਹੀਂ ਸਰਕਾਰ ਦੀ ਮਦਦ ਕਰਨ ਵਿੱਚ ਸਹਾਈ ਹੇਵਗਾ।