ਚੰਡੀਗੜ੍ਹ, 13 ਫਰਵਰੀ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾ ਸ਼ਿਵਰਾਤਰੀ ਦੇ ਪਵਿੱਤਰ ਮੌਕੇ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਿਆਂ ਇਸ ਤਿਉਹਾਰ ਨੂੰ ਭਾਈਚਾਰਕ ਸਾਂਝ ਅਤੇ ਸਦਭਾਵਨਾ ਨਾਲ ਮਨਾਉਣ ਦਾ ਸੱਦਾ ਦਿੱਤਾ ਹੈ।
ਇਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਲੋਕਾਂ ਨੂੰ ਸਾਰੇ ਵਖਰੇਵੇਂ ਪਾਸੇ ਰੱਖ ਕੇ ਇਸ ਪਵਿੱਤਰ ਮੌਕੇ ਨੂੰ ਆਪਸੀ ਪ੍ਰੇਮ-ਪਿਆਰ ਅਤੇ ਮੇਲ-ਮਿਲਾਪ ਨਾਲ ਮਨਾਉਣ ਦੀ ਅਪੀਲ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਇਸ ਪਵਿੱਤਰ ਮੌਕੇ ਬੁਰਾਈ ਦਾ ਖਾਤਮਾ ਕਰਨ ਵਾਲੇ ਭਗਵਾਨ ਸ਼ਿਵ ਵੱਲੋਂ ਦਿਖਾਏ ਮਾਰਗ ‘ਤੇ ਚੱਲ ਕੇ ਕੁੱਲ ਲੋਕਾਈ ਦੀ ਭਲਾਈ ਲਈ ਸਾਕਾਰਤਮਕ ਮਾਹੌਲ ਸਿਰਜਣ ਦਾ ਸੱਦਾ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਆਓ, ਇਸ ਦਿਹਾੜੇ ‘ਤੇ ਮਨੁੱਖਤਾ ਨੂੰ ਮਿਟਾਉਣ ਲਈ ਚੁਣੌਤੀ ਬਣ ਰਹੀਆਂ ਤਾਕਤਾਂ ‘ਤੇ ਨੇਕੀ ਦੀ ਜਿੱਤ ਪਾਉਣ ਲਈ ਲੜਾਈ ਲੜਨ ਦਾ ਪ੍ਰਣ ਕਰੀਏ।
ਰਾਣਾ ਕੇ.ਪੀ. ਸਿੰਘ ਵੱਲੋਂ ਮਹਾਂ ਸ਼ਿਵਰਾਤਰੀ ਦੀਆਂ ਵਧਾਈਆਂ
ਚੰਡੀਗੜ੍ਹ, 13 ਫਰਵਰੀ (ਵਿਸ਼ਵ ਵਾਰਤਾ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਲੋਕਾਂ ਨੂੰ ਮਹਾਂ ਸ਼ਿਵਰਾਤਰੀ ਦੀਆਂ ਮੁਬਾਰਕਾਂ ਦਿੱਤੀਆਂ ਹਨ। ਆਪਣੇ ਸੁਨੇਹੇ ਵਿਚ ਉਨ੍ਹਾਂ ਕਿਹਾ ਕਿ ਮਹਾਂ ਸ਼ਿਵਰਾਤਰੀ ਦੀ ਧਾਰਮਿਕ ਅਤੇ ਸਭਿਆਚਾਰਕ ਪੱਧਰ ‘ਤੇ ਬਹੁਤ ਜ਼ਿਆਦਾ ਮਹੱਤਤਾ ਹੈ ਅਤੇ ਸਭਨਾਂ ਵਰਗਾਂ ਦੇ ਲੋਕਾਂ ਨੂੰ ਇਸ ਤਿਉਹਾਰ ਨੂੰ ਮਿਲ-ਜੁਲ ਕੇ ਮਨਾਉਣਾ ਚਾਹੀਦਾ ਹੈ।
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਇਹ ਤਿਉਹਾਰ ਪਵਿੱਤਰਤਾ, ਸ਼ਰਧਾ, ਭਾਈਚਾਰਕ ਸਾਂਝ, ਸਦਭਾਵਨਾ ਅਤੇ ਕਦਰਾਂ-ਕੀਮਤਾਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਅਤੇ ਸਾਡੇ ਸ਼ਾਨਦਾਰ ਸਭਿਆਚਾਰ ਨੂੰ ਪੇਸ਼ ਕਰਦਾ ਹੈ।
ਉਨ੍ਹਾਂ ਲੋਕਾਂ ਨੂੰ ਮਹਾਂ ਸ਼ਿਵਰਾਤਰੀ ਦੀ ਵਧਾਈ ਦਿੰਦਿਆਂ ਪ੍ਰਮਾਤਮਾ ਅੱਗੇ ਦੁਆ ਕੀਤੀ ਕਿ ਸੂਬੇ ਵਿਚ ਸ਼ਾਂਤੀ, ਤਰੱਕੀ ਅਤੇ ਹੋਰ ਖੁਸ਼ਹਾਲੀ ਆਵੇ।