ਚੰਡੀਗੜ, 18 ਅਗਸਤ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਵਿੱਚ ਕਰਤਾਰਪੁਰ ਵਿਖੇ ਸਥਿਤ ਜੰਗ-ਏ-ਆਜ਼ਾਦੀ ਦੇ ਦੂਜੇ ਪੜਾਅ ਨੂੰ ਮੁਕੰਮਲ ਕਰਨ ਲਈ ਅੱਜ 15 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਯਾਦਗਾਰ ਦੀ ਉਸਾਰੀ ਕਰਨ ਰਹੀ ਪੰਜਾਬ ਫਰੀਡਮ ਮੂਵਮੈਂਟ ਮੈਮੋਰੀਅਲ ਫਾੳੂਂਡੇਸ਼ਨ ਦੀ ਮੀਟਿੰਗ ਉਪਰੰਤ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਕ ਨਵੰਬਰ ਨੂੰ ਪੰਜਾਬ ਦਿਵਸ ਮੌਕੇ ਇਹ ਯਾਦਗਾਰ ਦੇਸ਼ ਨੂੰ ਸਮਰਪਿਤ ਕਰਨ ਦੀ ਸਹਿਮਤੀ ਦੇ ਦਿੱਤੀ ਹੈ।
ਕੈਪਟਨ ਅਮਰਿੰਦਰ ਸਿੰਘ ਜੋ ਫਾੳੂਂਡੇਸ਼ਨ ਦੇ ਚੇਅਰਮੈਨ ਵੀ ਹਨ, ਨੇ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ) ਨੂੰ ਇਸ ਯਾਦਗਾਰ ਦੀ ਉਸਾਰੀ ਅਤੇ ਰੱਖ-ਰਖਾਅ ਲਈ 8.12 ਕਰੋੜ ਰੁਪਏ ਦੇ ਅਣਵਰਤੇ ਫੰਡ ਫਾੳੂਂਡੇਸ਼ਨ ਨੂੰ ਵਰਤਣ ਦੀ ਇਜਾਜ਼ਤ ਦੇਣ ਦੀ ਹਦਾਇਤ ਕੀਤੀ। ਇਹ ਯਾਦਗਾਰ ਭਾਰਤੀ ਆਜ਼ਾਦੀ ਸੰਘਰਸ਼ ਵਿੱਚ ਪੰਜਾਬ ਦੇ ਯੋਗਦਾਨ ਨੂੰ ਮੂਰਤੀਮਾਨ ਕਰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਯਾਦਗਾਰ ਸਾਡੀ ਅਜੋਕੀ ਪੀੜੀ ਨੂੰ ਆਪਣੇ ਪਿਛੋਕੜ ਨਾਲ ਜੋੜੇਗੀ।
ਸੱਭਿਆਚਾਰਕ ਮਾਮਲੇ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਕੰਮ ਜੂਨ, 2017 ਵਿੱਚ ਪੂਰਾ ਕੀਤਾ ਜਾ ਚੁੱਕਾ ਹੈ ਅਤੇ ਦੂਜੇ ਪੜਾਅ ਦਾ ਕੰਮ ਵੀ ਅਗਲੇ ਦੋ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਭਰੋਸਾ ਦਿੱਤਾ।
ਇਸ ਤੋਂ ਪਹਿਲਾਂ ਫਾੳੂਂਡੇਸ਼ਨ ਦੇ ਮੈਂਬਰਾਂ ਨੇ ਮੁੱਖ ਮੰਤਰੀ ਅੱਗੇ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਮੁਕੰਮਲਤਾ ’ਤੇ ਪੇਸ਼ਕਾਰੀ ਦਿੱਤੀ। ਫਾੳੂਂਡੇਸ਼ਨ ਦੇ ਮੈਂਬਰ ਸਕੱਤਰ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਇਸ ਯਾਦਗਾਰ ਨੇ ਭਾਰਤੀ ਆਜ਼ਾਦੀ ਸੰਘਰਸ਼ ਦੇ ਮਹਾਨ ਯੋਧਿਆਂ ਭਾਈ ਮਹਾਰਾਜ ਸਿੰਘ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਦੀ ਮਹਾਨਤਾ ਨੂੰ ਮੁੜ ਬਿਆਨ ਕਰਨ ਦਾ ਵਿਸ਼ੇਸ਼ ਮੌਕਾ ਪ੍ਰਦਾਨ ਕੀਤਾ ਹੈ ਜਿਨਾਂ ਨੇ ਆਪਣੀ ਮਾਤ ਭੂਮੀ ਦੀ ਖਾਤਰ ਜਾਨਾਂ ਕੁਰਬਾਨ ਕਰ ਦਿੱਤੀਆਂ। ਉਨਾਂ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਇਸ ਯਾਦਗਾਰ ਰਾਹੀਂ ਆਪਣੇ ਗੌਰਵਮਈ ਪਿਛੋਕੜ ਬਾਰੇ ਜਾਣੂ ਹੋਣਗੀਆਂ।
ਕਰਤਾਰਪੁਰ ਵਿਖੇ 25 ਏਕੜ ਰਕਬੇ ਵਿਚ ਬਣੇ 315 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਨੂੰ ਜੂਨ 2012 ਵਿਚ ਪ੍ਰਵਾਨਗੀ ਦਿੱਤੀ ਗਈ ਸੀ। ਬਾਲੀਵੁੱਡ ਹਸਤੀ ਸ਼ਾਮ ਬੈਨੇਗਲ ਵਰਗੀਆਂ ਉੱਘੀਆਂ ਸਖਸ਼ੀਅਤਾਂ ਨੂੰ ਇਸ ਪ੍ਰਾਜੈਕਟ ਵਿਚ ਸ਼ਾਮਲ ਕੀਤਾ ਗਿਆ ਸੀ ਤਾਂ ਕਿ ਇਸ ਯਾਦਗਾਰ ਦੇ ਅਸਲ ਉਦੇਸ਼ ਨੂੰ ਯਕੀਨੀ ਬਣਾਇਆ ਜਾ ਸਕੇ। ਡਾ. ਹਮਦਰਦ ਨੇ ਦੱਸਿਆ ਕਿ ਇਹ ਯਾਦਗਾਰ ਕਲਾ ਦਾ ਅਦਭੁੱਤ ਨਮੁਨਾ ਹੈ ਜਿੱਥੇ ਇੱਕ ਬੁਰਜ, ਸੈਮੀਨਾਰ ਹਾਲ, ਆਡੀਟੋਰੀਅਮ, ਮੂਵੀ ਹਾਲ, ਕੈਫੇਟੇਰੀਆ, ਲਾਇਬ੍ਰੇਰੀ, ਲੇਜ਼ਰ ਸ਼ੋਅ ਲਈ ਓਪਨ ਏਅਰ ਥਿਏਟਰ ਅਤੇ ਇੱਕ ਐਮਫ਼ਿਥਿਏਟਰ ਬਣੇ ਹੋਏ ਹਨ।
ਮੀਟਿੰਗ ਵਿਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਸੈਰ ਸਪਾਟਾ ਜਸਪਾਲ ਸਿੰਘ ਅਤੇ ਡਾਇਰੈਕਟਰ-ਕਮ-ਮੈਨੇਜਿੰਗ ਡਾਇਰੈਕਟਰ ਸੈਰ ਸਪਾਟਾ ਸ਼ਿਵਦੁਲਾਰ ਸਿੰਘ ਢਿੱਲੋਂ ਹਾਜ਼ਰ ਸਨ।