ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਵਿੱਚ ਦਿੱਤੇ ਬਿਆਨ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਦਿੱਤਾ ਜਵਾਬ
ਮੇਰੇ ਨਾਲ ਕਿਸੇ ਨੇ ਸੰਪਰਕ ਨਹੀਂ ਕੀਤਾ ਨਾ ਹੀ ਕੋਈ ਸੁਨੇਹਾ ਮਿਲਿਆ -ਚਰਨਜੀਤ ਚੰਨੀ
ਚੰਡੀਗੜ੍ਹ,28 ਸਤੰਬਰ(ਵਿਸ਼ਵ ਵਾਰਤਾ)- ਬੀਤੇ ਕੱਲ੍ਹ ਹੋਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਸੀ ਉਹਨਾਂ ਕੋਲ ਬਹੁਤ ਸਾਰੀਆਂ ਅਜਿਹੀਆਂ ਫਾਇਲਾਂ ਹਨ ਜਿਹਨਾਂ ਤੇ ਚਰਨਜੀਤ ਚੰਨੀ ਨੇ ਦਸਤਖਤ ਕੀਤੇ ਹਨ ਅਤੇ ਹੁਣ ਉਹਨਾਂ ਫਾਇਲਾਂ ਬਾਰੇ ਜਾਣਕਾਰੀ ਲੈਣ ਲਈ ਚੰਨੀ ਨਾਲ ਸੰਪਰਕ ਨਹੀਂ ਹੋ ਪਾ ਰਿਹਾ । ਜਿਸ ਤੋਂ ਬਾਅਦ ਇਸ ਸਮੇਂ ਵਿਦੇਸ਼ ਦੌਰੇ ਤੇ ਗਏ ਹੋਏ ਚਰਨਜੀਤ ਸਿੰਘ ਚੰਨੀ ਨੇ ਭਗਵੰਤ ਮਾਨ ਦੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਵਿਸ਼ਵ ਵਾਰਤਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਸਰਕਾਰ ਜਾਂ ਮੁੱਖ ਮੰਤਰੀ ਵੱਲੋਂ ਇਸ ਸੰਬੰਧ ਵਿੱਚ ਕੋਈ ਵੀ ਸੁਨੇਹਾ ਜਾਂ ਸੰਦੇਸ਼ ਨਹੀਂ ਮਿਲਿਆ ਹੈ। ਇਸ ਦੇ ਨਾਲ ਹੀ ਉਹਨਾਂ ਖਾਸ ਤੌਰ ਤੇ ਜਿਕਰ ਕਰਦਿਆਂ ਕਿਹਾ ਕਿ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਬਾਕਾਇਦਾ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਮੇਰੇ ਨਾਲ ਕਦੇ ਵੀ ਸੰਪਰਕ ਕਰ ਸਕਦੇ ਹਨ। ਇਸ ਦੇ ਨਾਲ ਹੀ ਚੰਨੀ ਨੇ ਭਗਵੰਤ ਮਾਨ ਵੱਲੋਂ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹਨਾਂ ਦਾ ਫੋਨ 24 ਘੰਟੇ ਖੁੱਲ੍ਹਾ ਰਹਿੰਦਾ ਹੈ ਅਤੇ ਜਦੋਂ ਮਰਜ਼ੀ ਸਰਕਾਰ ਜਾਂ ਮੁੱਖ ਮੰਤਰੀ ਕਿਸੇ ਵੀ ਫਾਇਲ ਜਾਂ ਫੈਸਲੇ ਬਾਰੇ ਜਾਣਕਾਰੀ ਲੈ ਸਕਦੇ ਹਨ। ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦਾ ਜਿਕਰ ਕਰਦਿਆਂ ਚੰਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਲੋਕ ਹਿੱਤ ਵਿੱਚ ਬਹੁਤ ਸਾਰੇ ਫੈਸਲੇ ਲਏ ਸਨ ਜਿਹਨਾਂ ਵਿੱਚ ਗਰੀਬ ਪਰਿਵਾਰਾਂ ਨੂੰ ਮੁਫਤ ਪਲਾਟ ਦੇਣ ਵਰਗੇ ਕਈ ਫੈਸਲਿਆਂ ਦੀ ਮੌਜੂਦਾ ਸਰਕਾਰ ਪੈਰਵਾਈ ਨਹੀਂ ਕਰ ਰਹੀ। ਆਪਣੇ ਵਿਦੇਸ਼ ਦੌਰੇ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਉਹ ਇਸ ਸਮੇਂ ਆਪਣਾ ਇਲਾਜ ਕਰਵਾ ਰਹੇ ਹਨ ਅਤੇ ਨਾਲ ਹੀ ਆਪਣੀ ਪੀਐੱਚਡੀ ਥੀਸਿਸ ਤੇ ਵੀ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਬਹੁਤ ਜਲਦ ਪੰਜਾਬ ਪਰਤਣਗੇ ਅਤੇ ਆਪਣੀ ਪਾਰਟੀ ਕਾਂਗਰਸ ਦੇ ਕੰਮਾਂ ਵਿੱਚ ਸਾਥ ਦੇਣਗੇ।