ਮੁੱਖ ਮੰਤਰੀ ਭਗਵੰਤ ਮਾਨ ਨੇ ਮੋਗਾ ਵਿੱਚ ਕੀਤੀ ਵਲੰਟੀਅਰ ਮਿਲਣੀ
ਲੋਕਾਂ ਨੇ ਮੁੱਖ ਮੰਤਰੀ ਕਾਫਲੇ ਤੇ ਕੀਤੀ ਫੁੱਲਾਂ ਦੀ ਵਰਖਾ
ਚੰਡੀਗੜ੍ਹ,6ਅਪ੍ਰੈਲ(ਵਿਸ਼ਵ ਵਾਰਤਾ)- ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਵਿੱਚ ਉਤਰ ਗਏ ਹਨ। ਸ਼ਨੀਵਾਰ ਨੂੰ ਮੋਗਾ ਦੇ ਰਸਤੇ ‘ਚ ਮਾਨ ਦੇ ਕਾਫਲੇ ਨੂੰ ਕਈ ਥਾਵਾਂ ‘ਤੇ ਲੋਕਾਂ ਵਲੋਂ ਰੋਕਿਆ ਗਿਆ ਅਤੇ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੋਰਿੰਡਾ, ਚਮਕੌਰ ਸਾਹਿਬ, ਮਾਛੀਵਾੜਾ, ਦੋਰਾਹਾ, ਫ਼ਿਰੋਜ਼ਪੁਰ ਰੋਡ, ਸਾਹਨੇਵਾਲ, ਮੁੱਲਾਂਪੁਰ ਦਾਖਾ ਅਤੇ ਜਗਰਾਉਂ ਵਿਖੇ ਰੁਕ ਕੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਪਿਆਰ, ਭਰੋਸੇ ਅਤੇ ਸਤਿਕਾਰ ਲਈ ਧੰਨਵਾਦ ਕੀਤਾ। ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਇੰਨਾ ਪਿਆਰ ਦੇਣ ਲਈ ਮੈਂ ਆਪ ਸਭ ਦਾ ਤਹਿ ਦਿਲੋਂ ਧੰਨਵਾਦੀ ਹਾਂ। ਅੱਜ ਮੈਂ ਪਹਿਲਾਂ ਮੋਗਾ ਜਾ ਰਿਹਾ ਹਾਂ ਅਤੇ ਫਿਰ ਜਲੰਧਰ ਵਿੱਚ ਵਲੰਟੀਅਰਾਂ ਨਾਲ ਮੀਟਿੰਗ ਹੈ ਅਤੇ ਰਸਤੇ ਵਿੱਚ ਤੁਸੀਂ ਲੋਕ ਮੈਨੂੰ ਰੋਕ ਰਹੇ ਹੋ ਅਤੇ ਮੈਨੂੰ ਇੰਨਾ ਪਿਆਰ ਦੇ ਰਹੇ ਹੋ,ਇਸ ਲਈ ਬਹੁਤ ਧੰਨਵਾਦ। ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜਿੱਤ ਦੇ ਦੋ ਸਾਲ ਬਾਅਦ ਇੱਕ ਵਾਰ ਸੂਬੇ ਦੇ ਵਲੰਟੀਅਰਾਂ ਵਿੱਚ ਸ਼ਾਮਲ ਹੋਏ ਹਨ। ਮੁੱਖ ਮੰਤਰੀ ਭਗਵੰਤ ਮਾਨ ਮੋਗਾ ਪਹੁੰਚੇ ਤੇ ਉੱਥੇ ਵੱਡੀ ਰੈਲੀ ਨੂੰ ਸੰਬੋਧਨ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਲੰਟੀਅਰਾਂ ਨੂੰ ਇਕੱਠਾ ਕਰਨਾ ਪਵੇਗਾ, ਤਾਂ ਹੀ 13-0 ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਵਲੰਟੀਅਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ ਹੀ ਆਪਣੇ ਵਰਕਰਾਂ ਨੂੰ ਜਾਣਦੀ ਹੈ। ਇਹ ਉਹ ਪਾਰਟੀ ਹੈ ਜੋ ਸਬਜ਼ੀ ਵੇਚਣ ਵਾਲੇ ਨੂੰ ਵੀ ਚੇਅਰਮੈਨ ਬਣਾਉਂਦੀ ਹੈ। ਉਹਨਾਂ ਦੀ ਨਜ਼ਰ ਹਰ ਕੰਮ ਕਰਨ ਵਾਲੇ ਮਜ਼ਦੂਰ ‘ਤੇ ਹੈ। ਸਾਰੇ ਵਰਕਰਾਂ ਨੂੰ 1 ਜੂਨ ਤੱਕ ਇਕੱਠੇ ਹੋ ਕੇ ਕੰਮ ਕਰਨ ਲਈ ਕਿਹਾ ਗਿਆ ਹੈ। ਅੰਤ ਵਿੱਚ ਸੀ.ਐਮ ਮਾਨ ਨੇ ਇਸ ਵਾਰ 13-0 ਨਾਲ ਪੰਜਾਬ ਬਣੇਗਾ ਹੀਰੋ ਦੇ ਨਾਅਰੇ ਨਾਲ ਆਪਣਾ ਭਾਸ਼ਣ ਸਮਾਪਤ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨਾਲ ਮੋਗਾ ਪਹੁੰਚੇ ਸੰਦੀਪ ਪਾਠਕ ਨੇ ਵਲੰਟੀਅਰਾਂ ਨੂੰ 7 ਅਪ੍ਰੈਲ ਦਿਨ ਐਤਵਾਰ ਨੂੰ ਖਟਕੜ ਕਲਾਂ ਪਹੁੰਚਣ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਵਲੰਟੀਅਰਾਂ ਨੂੰ ਦੋ ਮਹੀਨੇ ਤੱਕ ਸਾਰੇ ਮਤਭੇਦ ਭੁਲਾ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਜਿੱਤ ਲਈ ਕੰਮ ਕਰਨ ਦਾ ਸੁਝਾਅ ਦਿੱਤਾ ।