ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਦਾ ਕੀਤਾ ਧੰਨਵਾਦ
ਧੰਨਵਾਦ ਉਹਨਾਂ ਪੰਜਾਬੀਆਂ ਦਾ ਜਿਹਨਾਂ ਨੇ ਮੇਰੇ ਵਾਂਗੂੰ ਅੱਜ ਆਪਣੀ ਉਂਗਲ ‘ਤੇ ਇਹ ਨਿਸ਼ਾਨ ਲਵਾ ਕੇ ਲੋਕਤੰਤਰ ‘ਚ ਆਪਣਾ ਯੋਗਦਾਨ ਪਾਇਆ – ਮਾਨ
ਸੰਗਰੂਰ/ਚੰਡੀਗੜ੍ਹ, 2ਜੂਨ(ਵਿਸ਼ਵ ਵਾਰਤਾ)- ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਲਈ ਆਪਣੇ ਪਰਿਵਾਰ ਨਾਲ ਲਾਇਨ ਵਿਚ ਲੱਗ ਕੇ ਮੰਗਵਾਲ (ਸੰਗਰੂਰ) ਵਿਖੇ ਵੋਟ ਪਾਈ। ਉਨ੍ਹਾਂ ਕਿਹਾ ਕਿ ਇਹ ਚੋਣ ਪੰਜਾਬ ਅਤੇ ਦੇਸ਼ ਦੇ ਲੋਕਤੰਤਰ ਲਈ ਬਹੁਤ ਹੀ ਮਹੱਤਵਪੂਰਨ ਹੈ। ਪੰਜਾਬ ਦੇਸ਼ ਦੀ ਰਾਜਨੀਤੀ ਦਾ ਕੇਂਦਰ ਹੈ। ਇਸ ਵਾਰ ਵੀ ਕੇਂਦਰ ਸਰਕਾਰ ਵਿੱਚ ਪੰਜਾਬ ਦਾ ਵੱਡਾ ਯੋਗਦਾਨ ਹੋਵੇਗਾ।
ਭਗਵੰਤ ਮਾਨ ਨੇ ਆਪਣੇ ‘ਐਕਸ’ ਅਕਾਊਂਟ ‘ਤੇ ਲਿਖਿਆ ਕਿ, ‘’ਧੰਨਵਾਦ ਉਹਨਾਂ ਪੰਜਾਬੀਆਂ ਦਾ ਜਿਹਨਾਂ ਨੇ ਮੇਰੇ ਵਾਂਗੂੰ ਅੱਜ ਆਪਣੀ ਉਂਗਲ ‘ਤੇ ਇਹ ਨਿਸ਼ਾਨ ਲਵਾ ਕੇ ਲੋਕਤੰਤਰ ‘ਚ ਆਪਣਾ ਯੋਗਦਾਨ ਪਾਇਆ… ਇਹ ਵੋਟਰ ਕਾਰਡ ਸ਼ਹੀਦਾਂ ਨੇ ਆਪਣੇ ਖੂਨ ਦੀਆਂ ਬਲੀਆਂ ਦੇ ਕੇ ਦਿੱਤਾ ਸੀ…ਵੋਟ ਪਾਉਣ ਵਾਲੇ ਹਰ ਪੰਜਾਬੀ ਦਾ ਤਹਿ ਦਿਲੋਂ ਧੰਨਵਾਦ… ਸੰਵਿਧਾਨ ਜ਼ਿੰਦਾਬਾਦ, ਲੋਕਤੰਤਰ ਜ਼ਿੰਦਾਬਾਦ”
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਲੋਕ ਵੱਡੀ ਗਿਣਤੀ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਆਉਂਦੇ ਹਨ, ਕਿਉਂਕਿ ਪੰਜਾਬ ਦੇ ਵੋਟਰ ਜਾਗਰੂਕ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਲੋਕ ਸਭਾ ਲਈ ਚੰਗੇ ਅਤੇ ਇਮਾਨਦਾਰ ਉਮੀਦਵਾਰਾਂ ਨੂੰ ਚੁਣਨਗੇ, ਜੋ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੇ ਨਾਲ ਉਨ੍ਹਾਂ ਨੂੰ ਹੱਲ ਕਰਨ ਦੇ ਸਮਰੱਥ ਹੋਣ।
ਉਨ੍ਹਾਂ ਕਿਹਾ ਕਿ ਮੈਂ ਪਿਛਲੇ 25 ਦਿਨਾਂ ਵਿੱਚ 122 ਰੈਲੀਆਂ ਅਤੇ ਰੋਡ ਸ਼ੋਅ ਕੀਤੇ ਹਨ। ਮੈਂ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਹਰ ਪਾਸੇ ਲੋਕਾਂ ਤੋਂ ਹਾਂ-ਪੱਖੀ ਹੁੰਗਾਰਾ ਮਿਲਿਆ। ਚੋਣ ਪ੍ਰਚਾਰ ਦੌਰਾਨ ਮੈਂ ਆਪਣੇ ਦੋ ਸਾਲਾਂ ਦੇ ਕੰਮਾਂ ਦੇ ਆਧਾਰ ‘ਤੇ ਲੋਕਾਂ ਤੋਂ ਵੋਟਾਂ ਮੰਗੀਆਂ, ਜਿਸ ਦੀ ਲੋਕਾਂ ਨੇ ਸ਼ਲਾਘਾ ਵੀ ਕੀਤੀ।
ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਮੈਂ ਕਈ ਥਾਵਾਂ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਖ਼ਬਰਾਂ ਸੁਣੀਆਂ, ਪਰ ਮੈਂ ਆਪਣੀ ਚੋਣ ਪ੍ਰਚਾਰ ਦੌਰਾਨ ਕੋਈ ਵੀ ਅਜਿਹੀ ਗਤੀਵਿਧੀ ਜਾਂ ਭਾਸ਼ਣ ਨਹੀਂ ਦਿੱਤਾ ਜਿਸ ਨਾਲ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਹੋਵੇ। ਇਸ ਲਈ ਮੇਰੀ ਚੋਣ ਕਮਿਸ਼ਨ ਕੋਲ ਇੱਕ ਵੀ ਸ਼ਿਕਾਇਤ ਨਹੀਂ ਹੈ, ਕਿਉਂਕਿ ਮੈਂ ਚੋਣ ਨਿਯਮਾਂ ਦੀ ਪਾਲਣਾ ਕਰਦੇ ਹੋਏ ਪ੍ਰਚਾਰ ਕੀਤਾ ਸੀ। ਅਸੀਂ ਕਦੇ ਵੀ ਚੋਣ ਜ਼ਾਬਤੇ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਇਸ ਚੋਣ ਵਿੱਚ ਔਰਤਾਂ ਦੀ ਭੂਮਿਕਾ ਬਹੁਤ ਅਹਿਮ ਹੋਵੇਗੀ, ਕਿਉਂਕਿ ਮਹਿੰਗਾਈ ਤੋਂ ਔਰਤਾਂ ਸਭ ਤੋਂ ਵੱਧ ਪ੍ਰਭਾਵਿਤ ਹਨ। ਇਸ ਤੋਂ ਇਲਾਵਾ ਕਈ ਅਹਿਮ ਮੁੱਦੇ ਹਨ, ਜੋ ਔਰਤਾਂ ਦੀ ਵੋਟ ਨੂੰ ਪ੍ਰਭਾਵਿਤ ਕਰਨਗੇ ਅਤੇ ਚੋਣ ਨਤੀਜਿਆਂ ਵਿੱਚ ਵੱਡੀ ਤਬਦੀਲੀ ਦਾ ਕਾਰਨ ਬਣਨਗੇ।
ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਦੀਆਂ ਮਹਿਲਾ ਵੋਟਰ ਬਹੁਤ ਸੂਝਵਾਨ ਹਨ। ਉਹ ਇਮਾਨਦਾਰ ਅਤੇ ਕੰਮ ਕਰਨ ਵਾਲੀ ਸਰਕਾਰ ਚੁਣਨਗੇ। ਇਸ ਵਾਰ ਔਰਤਾਂ ਦਾ ਵੋਟ ਬਦਲਾਅ ਲਈ ਹੋਵੇਗਾ ਅਤੇ ਇਤਿਹਾਸ ਰਚੇਗਾ।