ਅਸੀਂ ਕੰਮ ਦੇ ਆਧਾਰ ‘ਤੇ ਵੋਟਾਂ ਮੰਗ ਰਹੇ ਹਾਂ, ਸਾਰੇ ਥਾਣਿਆਂ ਦੇ ਐੱਸਐੱਚਓਜ਼ ਨੂੰ ਨਵੀਆਂ ਗੱਡੀਆਂ ਦਿੱਤੀਆਂ, ਪਹਿਲਾਂ ਪੁਲਸ ਦੀਆਂ ਗੱਡੀਆਂ ਧੱਕੇ ਮਾਰ ਕੇ ਚਾਲੂ ਕਰਨੀਆਂ ਪੈਂਦੀਆਂ ਸੀ
ਭਾਜਪਾ ‘ਤੇ ਹਮਲਾ, ਕਿਹਾ- ਉਹ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ‘ਚ ਕਦੇ ਵੀ ਨਫ਼ਰਤ ਦੇ ਬੀਜ ਨਹੀਂ ਉੱਗ ਸਕਦੇ, ਪੰਜਾਬ ਹਮੇਸ਼ਾ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ
ਕਿਹਾ- ਜੇਕਰ ਇਸ ਵਾਰ ਭਾਜਪਾ ਜਿੱਤਦੀ ਹੈ ਤਾਂ ਸੰਵਿਧਾਨ ਬਦਲ ਕੇ ਦੇਸ਼ ‘ਚ ਚੋਣ ਪ੍ਰਣਾਲੀ ਨੂੰ ਖ਼ਤਮ ਕਰ ਦੇਵੇਗੀ, ਮੋਦੀ ਭਾਰਤ ‘ਚ ਰੂਸ ਦਾ ਕਾਨੂੰਨ ਲਾਗੂ ਕਰਨਾ ਚਾਹੁੰਦੇ ਹਨ
ਅਕਾਲੀ ਦਲ ‘ਤੇ ਕੀਤਾ ਹਮਲਾ, ਕਿਹਾ- ਉਨ੍ਹਾਂ ਨੂੰ ਲੋਕ ਸਭਾ ਲਈ ਨਹੀਂ ਮਿਲ ਰਹੇ 13 ਉਮੀਦਵਾਰ
ਲਾਲਜੀਤ ਭੁੱਲਰ ਨੇ ਕਿਹਾ- ਮੈਨੂੰ ਇੱਕ ਵਾਰ ਜਿਤਾ ਕੇ ਲੋਕ ਸਭਾ ਵਿੱਚ ਭੇਜੋ, ਮੈਂ ਤੇ ਮੁੱਖ ਮੰਤਰੀ ਭਗਵੰਤ ਮਾਨ ਮਿਲਕੇ ਤੁਹਾਡੇ ਸਾਰੇ ਮਸਲੇ ਹੱਲ ਕਰ ਦਿਆਂਗੇ
ਚੰਡੀਗੜ੍ਹ, 15 ਮਈ( ਵਿਸ਼ਵ ਵਾਰਤਾ)-ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਨਾਲ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਭੁੱਲਰ ਨੂੰ ਜਿਤਾਉਣ ਦੀ ਅਪੀਲ ਕੀਤੀ।
ਰੋਡ ਸ਼ੋਅ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ‘ਆਪ’ ਵਰਕਰ, ਆਗੂ ਅਤੇ ਸਥਾਨਕ ਲੋਕ ਹਾਜ਼ਰ ਸਨ। ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੁੱਲਾਂ ਦੀ ਵਰਖਾ ਕਰਕੇ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਸਵਾਗਤ ਕੀਤਾ। ਜ਼ੀਰਾ ਵਿੱਚ ਰੋਡ ਸ਼ੋਅ ਦੌਰਾਨ ਮਾਨ ਨੇ ਲੋਕਾਂ ਨੂੰ ਕਿਹਾ ਕਿ ਮੈਂ ਤੁਹਾਡੇ ਤੋਂ ਵੋਟਾਂ ਮੰਗਣ ਨਹੀਂ ਆਇਆ। ਮੈਂ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਤੁਹਾਡਾ ਸਹਿਯੋਗ ਲੈਣ ਆਇਆ ਹਾਂ। ਭਿੱਖੀਵਿੰਡ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਮਾਝੇ ਦੇ ਲੋਕ ਇਤਿਹਾਸ ਲਿਖਣ ਲਈ ਜਾਣੇ ਜਾਂਦੇ ਹਨ ਅਤੇ ਲੋਕਾਂ ਦੀ ਇਸ ਭੀੜ ਨੂੰ ਦੇਖ ਕੇ ਮੈਨੂੰ ਸਾਫ਼ ਹੋ ਗਿਆ ਹੈ ਕਿ ਇਸ ਵਾਰ ਵੀ ਮਾਝੇ ਵਿੱਚ ਨਵਾਂ ਇਤਿਹਾਸ ਲਿਖਿਆ ਜਾਵੇਗਾ।
ਭਾਸ਼ਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਵੀ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਪੰਜਾਬ ‘ਚ ਕਦੇ ਵੀ ਨਫ਼ਰਤ ਦਾ ਬੀਜ ਨਹੀਂ ਉੱਗ ਸਕਦਾ | ਪੰਜਾਬ ਹਮੇਸ਼ਾ ਹੀ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਰਿਹਾ ਹੈ। ਪੰਜਾਬ ਦੇ ਲੋਕ ਨਫਰਤ ਦੀ ਰਾਜਨੀਤੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇੱਥੋਂ ਦੇ ਲੋਕ ਗੁਰਪੁਰਬ, ਈਦ, ਹੋਲੀ, ਦੀਵਾਲੀ ਅਤੇ ਰਾਮਨੌਮੀ ਇਕੱਠੇ ਹੋ ਕੇ ਮਨਾਉਂਦੇ ਹਨ। ਭਾਜਪਾ ਦੀ ਨਫਰਤ ਦੀ ਰਾਜਨੀਤੀ ਇੱਥੇ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ।
ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਨਾਲ ਵਿਤਕਰਾ ਕਰਦੀ ਹੈ। ਕੇਂਦਰ ਦੀ ਭਾਜਪਾ ਸਰਕਾਰ ਨੇ
26 ਜਨਵਰੀ ਦੀ ਪਰੇਡ ਵਿੱਚੋਂ ਪੰਜਾਬ ਦੀ ਝਾਕੀਂ ਨੂੰ ਬਾਹਰ ਰੱਖਿਆ ਸੀ। ਉਸ ਝਾਕੀਂ ਵਿੱਚ ਲਾਲਾ ਲਾਜਪਤ ਰਾਏ, ਸ਼ਹੀਦ ਭਗਤ ਸਿੰਘ ਅਤੇ ਮਾਈ ਭਾਗੋ ਦਾ ਜ਼ਿਕਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ਹੀਦਾਂ ਨੂੰ ਨਕਾਰਨ ਵਾਲੀ ਭਾਜਪਾ ਕੌਣ ਹੈ?
ਭਗਵੰਤ ਮਾਨ ਨੇ ਕਿਹਾ ਕਿ ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਹੁਣ ਤੱਕ ਲੋਕ ਸਭਾ ਚੋਣਾਂ ਦੇ ਚਾਰ ਪੜਾਅ ਹੋ ਚੁੱਕੇ ਹਨ ਅਤੇ ਚਾਰੇ ਪੜਾਅ ਦੀਆਂ ਚੋਣਾਂ ਵਿੱਚ ਭਾਜਪਾ ਹਾਰ ਰਹੀ ਹੈ। ਇਸ ਕਾਰਨ ਪੀਐਮ ਮੋਦੀ ਦਾ ਲਹਿਜ਼ਾ ਬਦਲ ਗਿਆ ਹੈ। ਹੁਣ ਉਹ ਨਫਰਤ ਦੀ ਰਾਜਨੀਤੀ ‘ਤੇ ਉਤਰ ਆਇਆ ਹੈ। ਉਹ ਜਾਤੀ ਧਰਮ ਦੇ ਨਾਂ ‘ਤੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ ਅਤੇ ਜਾਤੀ-ਧਰਮ ਦੇ ਨਾਂ ‘ਤੇ ਲੋਕਾਂ ਨੂੰ ਡਰਾ-ਧਮਕਾ ਕੇ ਵੋਟਾਂ ਹਾਸਲ ਕਰਨਾ ਚਾਹੁੰਦੇ ਹੈ ਕਿਉਂਕਿ ਉਨ੍ਹਾਂ ਕੋਲ ਗਿਣਾਉਣ ਲਈ ਯੋਗ ਕੰਮ ਨਹੀਂ ਹੈ।
ਭਗਵੰਤ ਮਾਨ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਵਾਰ ਸਾਨੂੰ ਕਿਸੇ ਵੀ ਕੀਮਤ ‘ਤੇ ਭਾਜਪਾ ਨੂੰ ਹਰਾਉਣਾ ਹੋਵੇਗਾ। ਜੇਕਰ ਭਾਜਪਾ ਇਸ ਵਾਰ ਜਿੱਤ ਜਾਂਦੀ ਹੈ ਤਾਂ ਇਹ ਦੇਸ਼ ਦੇ ਸੰਵਿਧਾਨ ਨੂੰ ਬਦਲ ਕੇ ਦੇਸ਼ ਵਿੱਚ ਚੋਣ ਪ੍ਰਣਾਲੀ ਨੂੰ ਖ਼ਤਮ ਕਰ ਦੇਣਗੇ। ਫਿਰ ਦੇਸ਼ ਵਿੱਚ ਕਦੇ ਵੀ ਚੋਣਾਂ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਾਨੂੰਨ ਨੂੰ ਲਾਗੂ ਕਰਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਵਾਂਗ ਨਫ਼ਰਤ ਦੀ ਰਾਜਨੀਤੀ ਨਹੀਂ ਕਰਦੀ। ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ। ਇਸ ਚੋਣ ਵਿੱਚ ਵੀ ਅਸੀਂ ਪਿਛਲੇ ਦੋ ਸਾਲਾਂ ਵਿੱਚ ਕੀਤੇ ਕੰਮਾਂ ਦੇ ਆਧਾਰ ’ਤੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਾਂ। ਅਸੀਂ ਪਿਛਲੇ ਦੋ ਸਾਲਾਂ ਵਿੱਚ 43,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। 90 ਫ਼ੀਸਦੀ ਘਰਾਂ ਦੇ ਬਿਜਲੀ ਬਿੱਲ ਮੁਫ਼ਤ ਕੀਤੇ। 830 ਮੁਹੱਲਾ ਕਲੀਨਿਕ ਖੋਲ੍ਹੇ ਅਤੇ ਚੰਗੀ ਸਕੂਲ ਬਣਾਏ। ਇਸ ਦੇ ਨਾਲ ਹੀ ਕਿਸਾਨਾਂ ਨੂੰ ਦਿਨ ਦੇ ਸਮੇਂ ਖੇਤੀ ਲਈ ਲੋੜੀਂਦੀ ਬਿਜਲੀ ਦਿੱਤੀ ਅਤੇ 59 ਫ਼ੀਸਦੀ ਖੇਤਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਗਈ।
ਸੜਕ ਸੁਰੱਖਿਆ ਫੋਰਸ ( ਐਸਐਸਐਫ) ਦਾ ਜ਼ਿਕਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਸਾਲ ਅਸੀਂ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਸੀ। ਜਿਸਦੇ ਨਾਲ ਹੁਣ ਤੱਕ ਸੜਕ ਹਾਦਸੇ ਵਿੱਚ ਕਰੀਬ 1250 ਲੋਕਾਂ ਦੀ ਜਾਨ ਬਚਾਈ ਜਾ ਚੁੱਕੀ ਹੈ। ਪਿਛਲੇ ਸਾਲ ਮਾਰਚ-ਅਪ੍ਰੈਲ ਵਿੱਚ ਸੜਕ ਹਾਦਸੇ ਵਿੱਚ ਕਰੀਬ 1500 ਲੋਕਾਂ ਦੀ ਮੌਤ ਹੋਈ ਸੀ। ਉੱਥੇ ਹੀ ਇਸ ਸਾਲ ਇਹਨਾਂ ਮਹੀਨਿਆਂ ਵਿੱਚ ਸਿਰਫ਼ 250 ਲੋਕਾਂ ਦੀ ਹੀ ਮੌਤ ਹੋਈ ਹੈ।
ਇਸ ਤੋਂ ਇਲਾਵਾ ਅਸੀਂ ਸੁਰੱਖਿਆ ਵਿਵਸਥਾ ਅਤੇ ਪੁਲਿਸ ਨੂੰ ਵੀ ਮਜ਼ਬੂਤ ਕੀਤਾ ਹੈ। ਅਸੀਂ ਹਰ ਥਾਣੇ ਦੇ ਐਸਐਚਓਜ਼ ਨੂੰ ਨਵੀਆਂ ਗੱਡੀਆਂ ਦਿੱਤੀਆਂ ਹਨ ਤਾਂ ਜੋ ਉਹ ਦਿਨ-ਰਾਤ ਆਸਾਨੀ ਨਾਲ ਗਸ਼ਤ ਕਰ ਸਕਣ ਅਤੇ ਲੋਕਾਂ ਵਿੱਚ ਸੁਰੱਖਿਆ ਦਾ ਮਾਹੌਲ ਸਿਰਜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਪੁਲੀਸ ਦੀ ਗੱਡੀ ਨੂੰ ਧੱਕੇ ਮਾਰ ਕੇ ਚਾਲੂ ਕਰਨਾ ਪੈਂਦਾ ਸੀ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪੰਜਾਬ ਦੀ ਪਹਿਲੀ ਸਰਕਾਰ ਹੈ, ਜਿਸ ਨੇ ਵਾਅਦੇ ਤੋਂ ਵੱਧ ਕੰਮ ਕੀਤੇ ਹਨ। ਅਸੀਂ ਪੰਜਾਬ ਵਿੱਚ 16 ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ,ਜਿਸ ਕਾਰਨ ਪੰਜਾਬੀਆਂ ਦੀ ਰੋਜ਼ਾਨਾ 58 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। ਅਸੀਂ ਦੇਸ਼ ਲਈ ਤਗਮੇ ਜਿੱਤਣ ਵਾਲੇ ਖਿਡਾਰੀਆਂ ਅਤੇ ਦੇਸ਼ ਅਤੇ ਸੂਬੇ ਲਈ ਸ਼ਹੀਦ ਹੋਏ ਜਵਾਨਾਂ ਨੂੰ 1 ਕਰੋੜ ਰੁਪਏ ਦੇ ਰਹੇ ਹਾਂ। ਇਸ ਤੋਂ ਇਲਾਵਾ ਅਸੀਂ ਲੋਕਾਂ ਦੇ ਘਰ ਰਾਸ਼ਨ ਪਹੁੰਚਾ ਰਹੇ ਹਾਂ। ਜਦੋਂ ਕਿ ਅਸੀਂ ਚੋਣਾਂ ਦੌਰਾਨ ਇਨ੍ਹਾਂ ਸਾਰੀਆਂ ਗੱਲਾਂ ਦਾ ਵਾਅਦਾ ਵੀ ਨਹੀਂ ਕੀਤਾ ਸੀ।
ਉਨ੍ਹਾਂ ਕਿਹਾ ਕਿ ਕੱਲ੍ਹ ਸਾਡੇ ਨੇਤਾ ਅਰਵਿੰਦ ਕੇਜਰੀਵਾਲ ਪੰਜਾਬ ਆ ਰਹੇ ਹਨ। ਉਹ ਸਾਡੇ ਨਾਲ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਵਾਲਿਆਂ ਨੂੰ ਇਹ ਭੁਲੇਖਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾ ਕੇ ਉਹ ਆਮ ਆਦਮੀ ਪਾਰਟੀ ਨੂੰ ਖ਼ਤਮ ਕਰ ਦੇਣਗੇ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਆਮ ਆਦਮੀ ਪਾਰਟੀ ਦਰਿਆ ਵਾਂਗ ਹੈ ਅਤੇ ਦਰਿਆ ਆਪਣਾ ਰਸਤਾ ਖ਼ੁਦ ਬਣਾਉਂਦਾ ਹੈ। ਨਦੀ ਨੂੰ ਵਹਿਣ ਤੋਂ ਰੋਕਿਆ ਨਹੀਂ ਜਾ ਸਕਦਾ।
ਭਗਵੰਤ ਮਾਨ ਨੇ ਅਕਾਲੀ ਦਲ ਅਤੇ ਸੁਖਬੀਰ ਬਾਦਲ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਅਕਾਲੀ ਦਲ ਨੂੰ 13 ਉਮੀਦਵਾਰ ਨਹੀਂ ਮਿਲ ਰਹੇ। ਸੁਖਬੀਰ ਬਾਦਲ ‘ਤੇ ਵਰ੍ਹਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਤਾਪਮਾਨ ਪੁੱਛ ਕੇ ਘਰੋਂ ਨਿਕਲਦੇ ਹਨ। ਜਦੋਂ ਤਾਪਮਾਨ 30 ਡਿਗਰੀ ਦੇ ਕਰੀਬ ਹੁੰਦਾ ਹੈ ਤਾਂ ਉਹ ਦੋ ਘੰਟੇ ਲਈ ਪੰਜਾਬ ਬਚਾਓ ਯਾਤਰਾ ਕੱਢਦਾ ਹੈ। ਅਜਿਹੇ ਲੋਕਾਂ ਤੋਂ ਪੰਜਾਬ ਦੇ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ?
ਲਾਲਜੀਤ ਭੁੱਲਰ ਨੇ ਕਿਹਾ- ਮੈਨੂੰ ਇੱਕ ਵਾਰ ਜਿਤਾ ਕੇ ਲੋਕ ਸਭਾ ਵਿੱਚ ਭੇਜੋ, ਮੈਂ ਤੇ ਮੁੱਖ ਮੰਤਰੀ ਭਗਵੰਤ ਮਾਨ ਮਿਲ ਕੇ ਤੁਹਾਡੇ ਸਾਰੇ ਮਸਲੇ ਹੱਲ ਕਰ ਦਿਆਂਗੇ
ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਮੁੱਖ ਮੰਤਰੀ ਭਗਵੰਤ ਮਾਨ, ‘ਆਪ’ ਵਰਕਰਾਂ ਅਤੇ ਜੀਰਾ ਅਤੇ ਭਿੱਖੀਵਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇੱਕ ਵਾਰ ਚੁਣ ਕੇ ਲੋਕ ਸਭਾ ਵਿੱਚ ਭੇਜੋ। ਮੈਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਮਿਲ ਕੇ ਇਸ ਇਲਾਕੇ ਦੇ ਸਾਰੇ ਮਸਲੇ ਹੱਲ ਕਰ ਦਿਆਂਗੇ।