ਮੁੱਖ ਮੰਤਰੀ ਨੇ ਪਹਿਲੀ ਜੁਲਾਈ ਨੂੰ ਡਾਕਟਰ ਦਿਵਸ ਦੇ ਸੰਦਰਭ ਵਿੱਚ ਮੈਡੀਕਲ ਪੇਸ਼ੇਵਰਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਧੰਨਵਾਦ ਕੀਤਾ
ਚੰਡੀਗੜ੍ਹ, 29 ਜੂਨ (ਵਿਸ਼ਵ ਵਾਰਤਾ);-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਾਰੇ ਡਾਕਟਰਾਂ ਅਤੇ ਹੋਰ ਮੈਡੀਕਲ ਪੇਸ਼ੇਵਰਾਂ ਦਾ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਵਿੱਚ ਸੂਬੇ ਦੀ ਮੱਦਦ ਕਰਦਿਆਂ ਨਿਭਾਈਆਂ ਬੇਮਿਸਾਲ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ।
ਮੁੱਖ ਮੰਤਰੀ ਨੇ ਡਾਕਟਰਾਂ ਦੀ ਸਖਤ ਮਿਹਨਤ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਮੈਡੀਕਲ ਪੇਸ਼ੇਵਰਾਂ ਵੱਲੋਂ ਆਪਣੀਆਂ ਜਾਨਾਂ ਖਤਰੇ ਵਿੱਚ ਪਾ ਕੇ ਨਿਰਸਵਾਰਥ ਅਤੇ ਸਵੈ-ਕੁਰਬਾਨੀ ਦਾ ਕੰਮ ਕਰਨਾ ਸਾਰਿਆਂ ਲਈ ਪ੍ਰੇਰਨਾ ਹੈ।
ਸਰਕਾਰ ਅਤੇ ਸੂਬੇ ਦੇ ਲੋਕਾਂ ਤਰਫੋਂ ਉਨ੍ਹਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਪਹਿਲੀ ਜੁਲਾਈ ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਡਾਕਟਰ ਦਿਵਸ ਦੇ ਸੰਦਰਭ ਵਿੱਚ ਆਪਣੇ ਸੰਖੇਪ ਸੰਦੇਸ਼ ਵਿੱਚ ਕਿਹਾ ਕਿ ਸਾਰੇ ਸੂਬੇ ਨੂੰ ਮੈਡੀਕਲ ਪੇਸ਼ੇਵਰਾਂ ਉਤੇ ਮਾਣ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਪੰਜਾਬੀ ਡਾਕਟਰਾਂ, ਮੈਡੀਕਲ ਸਟਾਫ ਅਤੇ ਸਾਰੇ ਹੈਲਥ ਵਰਕਰਜ਼ ਦਾ ਰਿਣੀ ਹੈ ਜਿਨ੍ਹਾਂ ਨੇ ਔਖੇ ਸਮੇਂ ਵਿੱਚ ਨਿਰੰਤਰ ਸਾਥ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕਈ ਪੇਸ਼ੇਵਰਾਂ ਤੇ ਵਰਕਰਜ਼ ਨੂੰ ਆਪਣੇ ਸਹਿਯੋਗੀਆਂ ਅਤੇ ਹੋਰਨਾਂ ਨੂੰ ਕੋਵਿਡ ਕਾਰਨ ਗਵਾਉਣਾ ਵੀ ਪਿਆ ਪਰ ਉਨ੍ਹਾਂ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਮਰੀਜ਼ਾਂ ਦਾ ਇਲਾਜ ਅਤੇ ਉਨ੍ਹਾਂ ਦੀ ਪੂਰੀ ਤਰ੍ਹਾਂ ਸਾਂਭ-ਸੰਭਾਲ ਜਾਰੀ ਰੱਖੀ।
ਉਨ੍ਹਾਂ ਕਿਹਾ, ”ਅਸੀਂ ਜਾਨਾਂ ਬਚਾਉਣ ਲਈ ਤੁਹਾਡੇ ਯੋਗਦਾਨ ਨੂੰ ਨਹੀਂ ਭੁੱਲਾਂਗੇ। ਹਰੇਕ ਪੰਜਾਬੀ ਤੁਹਾਡੀਆਂ ਨਿਰਸਵਾਰਥ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖੇਗਾ।”