ਚੰਡੀਗੜ੍ਹ/23 ਮਾਰਚ( ਵਿਸ਼ਵ ਵਾਰਤਾ )-ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਨੇ ਅੱਜ ਸੀਨੀਅਰ ਪੱਤਰਕਾਰ ਓਂਕਾਰ ਨਾਥ ਗਰਗ ਦੀ ਮੌਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਨੂੰ ਕਿੱਤੇ ਪ੍ਰਤੀ ਪ੍ਰਤੀਬੱਧਤਾ ਦੀ ਮਿਸਾਲ ਅਤੇ ਦੇਸ਼ ਦੇ ਪੱਤਰਕਾਰ ਭਾਈਚਾਰੇ ਅਤੇ ਸਮਾਜ ਲਈ ਇੱਕ ਸਰਮਾਇਆ ਕਰਾਰ ਦਿੱਤਾ ਹੈ।
ਆਪਣੇ ਸ਼ੋਕ ਸੁਨੇਹੇ ਵਿਚ ਸਰਦਾਰ ਭਰਤਇੰਦਰ ਸਿੰਘ ਚਾਹਲ ਨੇ ਕਿਹਾ ਕਿ ਅਸੀਂ ਇੱਕ ਅਜਿਹਾ ਪ੍ਰਤੀਬੱਧ ਪੱਤਰਕਾਰ ਗੁਆ ਬੈਠੇ ਹਾਂ, ਜੋ ਕਿ ਸਮਾਜ ਦੀਆਂ ਬੁਰਾਈਆਂ ਦਾ ਪਰਦਾਫਾਸ਼ ਕਰਨ ਵਿਚ ਭੋਰਾ ਲਿਹਾਜ਼ ਨਹੀਂ ਸੀ ਕਰਦਾ, ਪਰ ਇਸ ਦੇ ਬਾਵਜੂਦ ਇੱਕ ਬੇਹੱਦ ਮਿਲਣਸਾਰ ਅਤੇ ਸਾਦਗੀ ਦੀ ਮੂਰਤ ਸੀ। ਉਹਨਾਂ ਕਿਹਾ ਕਿ ਅੱਜ ਦੇ ਪੱਤਰਕਾਰ ਸ੍ਰੀ ਗਰਗ ਤੋਂ ਬਹੁਤ ਕੁੱਝ ਸਿੱਖ ਸਕਦੇ ਸਨ ਕਿ ਕਿਸ ਤਰ੍ਹਾਂ ਗਾਲੀ ਗਲੋਚ ਅਤੇ ਸ਼ੋਰ ਸ਼ਰਾਬੇ ਵਾਲੀ ਭਾਸ਼ਾ ਦਾ ਇਸਤੇਮਾਲ ਕੀਤੇ ਬਿਨਾਂ ਉੱਚੇ ਅਹੁਦਿਆਂ ਉੱਤੇ ਬੈਠੇ ਵਿਅਕਤੀਆਂ ਦੀਆਂ ਬੇਈਮਾਨੀਆਂ ਦਾ ਪਰਦਾਫਾਸ਼ ਕੀਤਾ ਜਾ ਸਕਦਾ ਹੈ।
ਸਰਦਾਰ ਭਰਤਇੰਦਰ ਸਿੰਘ ਚਾਹਲ ਨੇ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਦੁਖੀ ਪਰਿਵਾਰ ਨੁੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਉਹਨਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਮੈਂ ਦੁਖੀ ਪਰਿਵਾਰ ਅਤੇ ਉਹਨਾਂ ਦੇ ਸਾਕ ਸੰਬੰਧੀਆਂ ਨਾਲ ਦਿਲੋਂ ਹਮਦਰਦੀ ਕਰਦਾ ਹਾਂ।