ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਨੂੰ ਕਰਨਗੇ ਰੋਜ਼ਗਾਰ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਦਾ ਉਦਘਾਟਨ
ਦੇਖੋ, ‘ਮੇਰਾ ਕੰਮ, ਮੇਰਾ ਮਾਣ‘ ਸਕੀਮ ਦੇ ਨਾਲ ਹੋਰ ਕਿਹੜੀਆਂ ਸਕੀਮਾਂ ਹੋਣਗੀਆਂ ਚਾਲੂ
ਚੰਡੀਗਡ 8 ਸਤੰਬਰ(ਵਿਸ਼ਵ ਵਾਰਤਾ) :ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਨੌਜਵਾਨਾਂ ਨੂੰ ਰੋਜਗਾਰ ਮੁਹੱਇਆ ਕਰਵਾਉਣ ਲਈ ਅਣਥੱਕ ਉਪਰਾਲੇ ਕਰ ਰਿਹਾ ਹੈ। ਵਿਭਾਗ ਅਧੀਨ ਚਲ ਰਹੀਆਂ ਵੱਖ ਵੱਖ ਸਕੀਮਾਂ ਦਾ ਨੀਂਹ ਪੱਥਰ ਤੇ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 9 ਸਤੰਬਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਜਾਵੇਗਾ
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਜਿਨਾਂ ਸਕੀਮਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕੀਤਾ ਜਾਣਾ ਹੈ ਉਨਾਂ ਵਿੱਚ ਮੁੱਖ ਤੌਰ ਤੇ ਸੀ-ਪਾਈਟ ਸੰਸਥਾਂ ਦੇ ਸਥਾਈ ਕੈਂਪ ਨੂੰ ਸਥਾਪਤ ਕੀਤੇ ਜਾਣ ਲਈ ਨੀਂਹ ਪੱਥਰ ਰੱਖਿਆ ਜਾਵੇਗਾ ਇਸ ਕੈਂਪ ਦੀ ਸਥਾਪਨਾ ਆਸਲ ਉਤਾੜ, (ਅਬਦੁਲ ਹਮੀਦ ਦੀ ਯਾਦਗਾਰ ਦੇ ਨੇੜੇ, ਭਾਰਤ-ਪਾਕਿਸਤਾਨ ਯੁੱਧ ਸਾਲ 1965) ਜਿਲਾ ਤਰਨਤਾਰਨ ਵਿਖੇ ਕੀਤੀ ਜਾ ਰਹੀ ਹੈ। ਇਸ ਸੰਸਥਾ ਦਾ ਮੁੱਖ ਮੰਤਵ ਪੰਜਾਬ ਦੇ ਪੜੇ-ਲਿਖੇ ਬੇ-ਰੋਜਗਾਰ ਯੁਵਕਾਂ ਨੂੰ ਫੌਜ/ਨੀਮ ਫੌਜੀ ਬਲਾਂ ਵਿੱਚ ਭਰਤੀ ਕਰਨ ਲਈ ਪੂਰਵ ਚੋਣ ਸਿਖਲਾਈ ਦੇਣ ਤੋਂ ਇਲਾਵਾ ਉਹਨਾ ਦੀ ਕੁਸਲਤਾ ਵਿੱਚ ਵਾਧਾ ਕਰਨ ਲਈ ਵੱਖ-ਵੱਖ ਕਿੱਤਿਆਂ ਵਿੱਚ ਤਕਨੀਕੀ ਸਿਖਲਾਈ ਦੇਣਾ ਹੈ। ਉਨਾਂ ਦੱਸਿਆ ਕਿ ਪੇਂਡੂ ਬੇ-ਰੋਜਗਾਰ, ਗਰੀਬ ਅਤੇ ਅਨੁਸੂਚਿਤ/ਪਛੜੀਆਂ ਸ੍ਰੇਣੀਆਂ ਦੇ ਨੌਜਵਾਨ ਇਸ ਟ੍ਰੇਨਿੰਗ ਅਧੀਨ ਸਿਖਲਾਈ ਪ੍ਰਾਪਤ ਕਰਕੇ ਵੱਧ ਤੋਂ ਵੱਧ ਲਾਭ ਲੈ ਰਹੇ ਹਨ। ਉਨਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਯੁਵਕਾਂ ਨੂੰ ਮੁਫਤ ਖਾਣ ਪੀਣ ਅਤੇ ਰਿਹਾਇਸ ਮੁਹੱਈਆ ਕਰਵਾਈ ਜਾਂਦੀ ਹੈ। ਇਸ ਕੈਂਪ ਦੀ ਸਥਾਪਨਾ ਨਾਲ ਜਿਲਾ ਤਰਨ ਤਾਰਨ ਦੇ ਯੁਵਕ ਸਿਖਲਾਈ ਪ੍ਰਾਪਤ ਕਰਨ ਉਪਰੰਤ ਸੂਬੇ ਦਾ ਨਾਮ ਰੋਸਨ ਕਰ ਸਕਣਗੇ।
ਉਨਾਂ ਦੱਸਿਆ ਕਿ ਇਸ ਕੈਂਪ ਦੀ ਸਥਾਪਨਾ ਲਈ ਗ੍ਰਾਮ ਪੰਚਾਇਤ ਆਸਲ ਉਤਾੜ ਦੀ 8 ਏਕੜ 7 ਕਨਾਲ (7) ਕਨਾਲ) ਜਮੀਨ, ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਨਾਮ ਟ੍ਰਾਂਸਫਰ ਹੋ ਚੁੱਕੀ ਹੈ।
ਸ੍ਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਜਿਹੜੀ ਦੂਜੀ ਸਕੀਮ ਦਾ ਉਦਘਾਟਨ ਮੁੱਖ ਮੰਤਰੀ ਜੀ ਵੱਲੋਂ ਕੀਤਾ ਜਾਣਾ ਹੈ ਉਸ ਸਕੀਮ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਵਾਸਤੇ ਮੁਫਤ ਆਨਲਾਇਨ ਕੋਚਿੰਗ ਦਿੱਤੀ ਜਾਵੇਗੀ ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਪੰਜਾਬ ਘਰ ਘਰ ਰੋਜਗਾਰ ਅਤੇ ਕਾਰੋਬਾਰ ਮਿਸਨ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ (ਰਾਜ/ਕੇਂਦਰੀ) ਨੌਕਰੀਆਂ ਲਈ ਆਨਲਾਇਨ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਇਹ ਸਕੀਮ ਐਚਪੀਸੀਐਲ ਮਿੱਤਲ ਐਨਰਜੀ ਲਿਮਟਿਡ ਬਠਿੰਡਾ ਵੱਲੋ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਿਟੀ ਦੇ ਤਹਿਤ ਦਿੱਤੀ ਜਾ ਰਹੀ ਇੱਕ ਕਰੋੜ ਰੁਪਏ ਦੀ ਰਾਸੀ ਨਾਲ ਚਲਾਈ ਜਾਈ ਹੈ। ਇਸ ਸਕੀਮ ਅਧੀਨ ਪੰਜਾਬ ਦੇ ਗ੍ਰੈਜੂਏਟ ਨੌਜਵਾਨ ਮੁਫਤ ਕੋਚਿੰਗ ਲੈ ਸਕਦੇ ਹਨ। ਜੇ ਕਿਸੇ ਮੁਕਾਬਲੇ ਦੀ ਪ੍ਰੀਖਿਆ ਦੀ ਘੰਟੇ ਘੱਟ ਯੋਗਤਾ ਦਸਵੀਂ ਬਾਰਵੀਂ ਪਾਸ ਹੋਵੇ ਤਾਂ ਦਸਵੀਂ-ਬਾਰਵੀਂ ਪਾਸ ਨੌਜਵਾਨ ਵੀ ਮੁੱਫਤ ਕੋਚਿੰਗ ਪ੍ਰਾਪਤ ਕਰ ਸਕਦੇ ਹਨ। ਕੋਚਿੰਗ ਦਾ ਕੋਰਸ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਚਲਾਇਆ ਜਾਵੇਗਾ। ਕੋਰਸ ਦੀ ਮਿਆਦ 4 ਮਹੀਨੇ ਹੋਵੇਗੀ।
ਸ੍ਰੀ ਚੰਨੀ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੇ ਨਾਲ ਹੀ ‘ਮੇਰਾ ਕਾਮ, ਮੇਰਾ ਮਾਣ‘ ਸਕੀਮ ਨੂੰ ਸਾਲ 2021-22 ਦੌਰਾਨ ਉਸਾਰੂ ਕਾਮਿਆਂ ਤੇ ਉਨਾਂ ਦੇ ਬੱਚਿਆਂ ਲਈ ਲਾਗੂ ਕੀਤੀ ਜਾਣਾ ਹੈ ਇਸ ਸਕੀਮ ਅਧੀਨ ਹਰ ਜਲਿੇ ਵੱਲੋਂ ਸਤੰਬਰ ਮਹੀਨੇ ਵਿੱਚ ਘੱਟੋ ਘੱਟ ਇਕ ਬੈਚ ਦੀ ਟ੍ਰੇਨਿੰਗ ਕਰਨ ਦੀ ਤਜਵੀਜ਼ ਹੈ ਇਸ ਸਕੀਮ ਤਹਿਤ ਪੀ ਐੱਸ ਡੀ ਐੱਮ ਦੇ ਅਧੀਨ ਆਉਂਦੇ ਸੈਂਟਰਾਂ ਵਿਚ ਟ੍ਰੇਨਿੰਗ ਦਿਵਾਈ ਜਾਵੇਗੀ ਅਤੇ 2500 ਰੁਪਏ ਪ੍ਰਤੀ ਮਹੀਨਾ ਰੁਜ਼ਗਾਰ ਸਹਾਇਤਾ ਭੱਤਾ ਇਕ ਸਾਲ ਲਈ ਟ੍ਰੇਨਿੰਗ ਦੌਰਾਨ ਦਿੱਤਾ ਜਾਵੇਗਾ ।