ਸੰਯੁਕਤ ਰਾਸ਼ਟਰ ਨੇ ਲਸ਼ਕਰ-ਏ-ਤੋਇਬਾ ਦੇ ਉਪ ਮੁਖੀ ਅਬਦੁਲ ਰਹਿਮਾਨ ਮੱਕੀ ਨੂੰ ਗਲੋਬਲ ਅੱਤਵਾਦੀ ਵਜੋਂ ਕੀਤਾ ਬਲੈਕਲਿਸਟ
ਚੰਡੀਗੜ੍ਹ 17 ਜਨਵਰੀ(ਵਿਸ਼ਵ ਵਾਰਤਾ)-ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਨੇ ਭਾਰਤ ਵਿੱਚ 26/11 ਦੇ ਹਮਲਿਆਂ ਦੇ ਮਾਸਟਰਮਾਈੰਡ ਹਾਫਿਜ਼ ਸਈਦ ਦੇ ਜੀਜੇ ਅਬਦੁਲ ਰਹਿਮਾਨ ਮੱਕੀ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕੀਤਾ ਹੈ। ਸੰਯੁਕਤ ਰਾਸ਼ਟਰ (ਯੂਐਨ) ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਦੀ ਕਮੇਟੀ ਨੇ ਆਈਐਸਆਈਐਲ (ਦਾਏਸ਼) ਅਤੇ ਅਲ-ਕਾਇਦਾ ਪਾਬੰਦੀ ਕਮੇਟੀ ਦੇ ਤਹਿਤ ਅਬਦੁਲ ਰਹਿਮਾਨ ਮੱਕੀ ਨੂੰ ਇੱਕ ਗਲੋਬਲ ਅੱਤਵਾਦੀ ਘੋਸ਼ਿਤ ਕੀਤਾ ਹੈ। ਜਿਸ ਤੋਂ ਬਾਅਦ ਅੱਤਵਾਦੀ ਮੱਕੀ ਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ, ਉਸ ਦੀ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਜਾਵੇਗੀ।
ਇੱਥੇ ਜਿਕਰ ਕਰਨਾ ਇਹ ਬਣਦਾ ਹੈ ਕਿ ਉਸਨੂੰ ਪਿਛਲੇ ਸਾਲ ਹੀ ਗਲੋਬਲ ਅੱਤਵਾਦੀ ਘੋਸ਼ਿਤ ਕੀਤਾ ਜਾ ਸਕਦਾ ਸੀ, ਪਰ ਚੀਨ ਨੇ ਪਿਛਲੇ ਸਾਲ ਜੂਨ ਵਿੱਚ ਯੂਐਨਐਸਸੀ ਵਿੱਚ ਵੀਟੋ ਦੇ ਜ਼ਰੀਏਅਬਦੁਲ ਰਹਿਮਾਨ ਮੱਕੀ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਹੋਣ ਤੋਂ ਬਚਾ ਲਿਆ ਸੀ। ਮੱਕੀ ਦੇ ਖਿਲਾਫ ਭਾਰਤ ਅਤੇ ਅਮਰੀਕਾ ਵੱਲੋਂ ਸਾਂਝਾ ਪ੍ਰਸਤਾਵ ਲਿਆਂਦਾ ਗਿਆ ਸੀ।
ਇਸ ਤੋਂ ਇਲਾਵ ਦੱਸ ਦਈਏ ਕਿ 74 ਸਾਲਾ ਮੱਕੀ ਅੱਤਵਾਦੀ ਸੰਗਠਨ ਲਸ਼ਕਰ ‘ਚ ਅਹਿਮ ਭੂਮਿਕਾ ਨਿਭਾਉਂਦਾ ਰਿਹਾ ਹੈ। ਮੱਕੀ ਭਾਰਤ, ਖਾਸ ਤੌਰ ‘ਤੇ ਜੰਮੂ-ਕਸ਼ਮੀਰ ਵਿੱਚ ਹਿੰਸਾ ਅਤੇ ਹਮਲਿਆਂ ਨੂੰ ਅੰਜਾਮ ਦੇਣ ਲਈ ਯੋਜਨਾਬੰਦੀ, ਫੰਡਿੰਗ, ਅੱਤਵਾਦੀਆਂ ਦੀ ਭਰਤੀ ਅਤੇ ਨੌਜਵਾਨਾਂ ਦੀ ਬ੍ਰੇਨਵਾਸ਼ਿੰਗ ਅਤੇ ਕੱਟੜਪੰਥੀ ਬਣਾਉਣ ਵਿੱਚ ਸ਼ਾਮਲ ਰਿਹਾ ਹੈ।