ਮੁਹਾਲੀ ਦੇ ਖਰੜ ਅਤੇ ਜ਼ੀਰਕਪੁਰ ‘ਚ ਰੀਅਲ ਅਸਟੇਟ ਪ੍ਰਾਜੈਕਟਾਂ ਨੂੰ ਝਟਕਾ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ‘ਜ਼ੀਰੋ ਅਨਟਰੀਟਿਡ ਡਿਸਚਾਰਜ’ ਨੂੰ ਲੈ ਕੇ ਇਹ ਹੁਕਮ ਜਾਰੀ
ਚੰਡੀਗੜ੍ਹ 21 ਨਵੰਬਰ(ਵਿਸ਼ਵ ਵਾਰਤਾ) – ਚੰਡੀਗੜ੍ਹ ਨਾਲ ਲੱਗਦੇ ਮੁਹਾਲੀ ਜ਼ਿਲ੍ਹੇ ਦੇ ਖਰੜ ਅਤੇ ਜ਼ੀਰਕਪੁਰ ਵਿੱਚ ਨਵੇਂ ਰੀਅਲ ਅਸਟੇਟ ਪ੍ਰਾਜੈਕਟਾਂ ਦੀ ਸ਼ੁਰੂਆਤ ਨੂੰ ਲੈ ਕੇ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ।ਜਾਣਕਾਰੀ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਖਰੜ ਅਤੇ ਜ਼ੀਰਕਪੁਰ ਵਿੱਚ ਜ਼ੀਰੋ ਅਨਟਰੀਟਿਡ ਡਿਸਚਾਰਜ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹਿਣ ‘ਤੇ ਸਖ਼ਤੀ ਦਿਖਾਈ ਹੈ। ਪੀਪੀਸੀਬੀ ਨੇ ਲੋਕਲ ਬਾਡੀਜ਼ ਵਿਭਾਗ ਨੂੰ ਇਨ੍ਹਾਂ ਦੋਵਾਂ ਸ਼ਹਿਰਾਂ ਵਿੱਚ ਨਵੇਂ ਪ੍ਰਾਜੈਕਟਾਂ ’ਤੇ ਰੋਕ ਲਾਉਣ ਲਈ ਕਿਹਾ ਹੈ। ਇਹ ਪਾਬੰਦੀ ਉਦੋਂ ਤੱਕ ਲਾਗੂ ਕਰਨ ਲਈ ਕਿਹਾ ਗਿਆ ਹੈ ਜਦੋਂ ਤੱਕ ਨਵੇਂ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸਟੀਪੀ) ਸਥਾਪਤ ਨਹੀਂ ਹੋ ਜਾਂਦੇ ਅਤੇ ਚਾਲੂ ਨਹੀਂ ਹੋ ਜਾਂਦੇ।
ਪੀਪੀਸੀਬੀ ਵੱਲੋਂ ਦੋਵਾਂ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੂੰ ਇਹ ਯਕੀਨੀ ਬਣਾਉਣ ਲਈ ਲਗਾਤਾਰ ਰਿਮਾਈਂਡਰ ਭੇਜੇ ਜਾ ਰਹੇ ਹਨ ਕਿ ਘੱਗਰ ਦਰਿਆ ਵਿੱਚ ਸੀਵਰੇਜ ਦਾ ਨਿਕਾਸ ਨਾ ਕੀਤਾ ਜਾਵੇ। ਕੋਈ ਢੁੱਕਵੀਂ ਕਾਰਵਾਈ ਨਾ ਹੁੰਦੇ ਦੇਖ ਕੇ ਇਹ ਹੁਕਮ ਜਾਰੀ ਕੀਤੇ ਗਏ ਹਨ।
ਪੀਪੀਸੀਬੀ ਨੇ ਸਥਾਨਕ ਬਾਡੀ ਨੂੰ ਕਿਹਾ ਹੈ ਕਿ ਉਹ ਖਰੜ ਅਤੇ ਜ਼ੀਰਕਪੁਰ ਨਗਰ ਕੌਂਸਲਾਂ ਦੇ ਸਬੰਧਤ ਅਧਿਕਾਰੀਆਂ ਨੂੰ ਐਸ.ਟੀ.ਪੀਜ਼ ਦੀ ਸਮੇਂ ਸਿਰ ਸਥਾਪਨਾ ਸਬੰਧੀ ਮਾਮਲਾ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਸਾਹਮਣੇ ਰੱਖਣ ਦੇ ਆਦੇਸ਼ ਦੇਣ। ਬੋਰਡ ਨੇ ਕਿਹਾ ਕਿ ਇਨ੍ਹਾਂ ਸ਼ਹਿਰਾਂ ਦਾ ਅਣਸੋਧਿਆ ਕੂੜਾ ਕਈ ਡਰੇਨਾਂ ਆਦਿ ਰਾਹੀਂ ਘੱਗਰ ਦਰਿਆ ਵਿੱਚ ਮਿਲ ਰਿਹਾ ਹੈ ਅਤੇ ਪ੍ਰਦੂਸ਼ਣ ਫੈਲ ਰਿਹਾ ਹੈ। ਇਨ੍ਹਾਂ ਦੋਵਾਂ ਸ਼ਹਿਰਾਂ ਦਾ ਅਣਸੋਧਿਆ ਗੰਦਾ ਪਾਣੀ ਕੁਦਰਤੀ ਨਾਲਿਆਂ ਵਿੱਚ ਵਗਦਾ ਹੈ। ਇੱਥੋਂ ਇਹ ਘੱਗਰ ਵਿੱਚ ਦਾਖ਼ਲ ਹੁੰਦਾ ਹੈ।