ਮੀਰੀ ਪੀਰੀ ਸਪੋਰਟਸ ਅਤੇ ਕਲਚਰ ਕਲੱਬ ਵੱਲੋਂ ਪਹਿਲਾ ਕਬੱਡੀ ਕੱਪ ਕੱਲ੍ਹ ਨੂੰ ਮੈਲਬੌਰਨ ‘ਚ
ਪੰਜਾਬੀ ਗਾਇਕ ਕਰਨਗੇ ਦਰਸ਼ਕਾਂ ਦਾ ਮਨੋਰੰਜਨ
ਸਰਬੋਤਮ ਰੇਡਰ ਤੇ ਜਾਫੀ ਨੂੰ ਨਿਵਾਜ਼ਿਆ ਜਾਵੇਗਾ ਸੋਨੇ ਦੇ ਕੈਂਠਿਆਂ ਨਾਲ
ਦਰਸ਼ਕਾਂ ਦੀ ਐਂਟਰੀ ਫ੍ਰੀ – ਬਰਾੜ
ਮੈਲਬੌਰਨ,29ਅਪ੍ਰੈਲ(ਗੁਰਪੁਨੀਤ ਸਿੱਧੂ)- ਕੱਲ੍ਹ 30ਅਪ੍ਰੈਲ ਨੂੰ ਮੀਰੀ ਪੀਰੀ ਸਪੋਰਟਸ ਅਤੇ ਕਲਚਰਲ ਕਲੱਬ ਮੈਲਬੌਰਨ ਵੱਲੋਂ ਪਹਿਲਾ ਕਬੱਡੀ ਕੱਪ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ।
ਇਸ ਟੂਰਨਾਮੈਂਟ ਨੂੰ ਕਰਾਉਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕਬੱਡੀ ਕੱਪ ਅਤੇ ਸੱਭਿਆਚਾਰਕ ਮੇਲਾ ਵੈਰੀਬੀ ਇਲਾਕੇ ਦੇ ਵਿਕਟੋਰੀਆ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਹੋਵੇਗਾ। ਉਨ੍ਹਾਂ ਦੱਸਿਆ ਕਿ ਮੌਂਟੀ ਬੈਨੀਪਾਲ, ਗੋਪੀ ਸ਼ੋਕਰ, ਸੁਖਰਾਜ ਰੋਮਾਣਾ ਅਤੇ ਜੋਧਾ ਝੂਟੀ ਦੀ ਯੋਗ ਅਗਵਾਈ ਹੇਠ ਇਹ ਟੂਰਨਾਮੈਂਟ ਹੋ ਰਿਹਾ ਹੈ। ਇਸ ਕਬੱਡੀ ਕੱਪ ਵਿੱਚ ਨਾਮਵਰ ਖਿਡਾਰੀ ਭਾਗ ਲੈਣਗੇ ਜੋ ਇਸ ਟੂਰਨਾਮੈਂਟ ਨੂੰ ਹੋਰ ਵੀ ਰੌਚਕ ਬਣਾਉਣਗੇ। ਉਨ੍ਹਾਂ ਦੱਸਿਆ ਕਿ ਕਬੱਡੀ ਕੱਪ ਵਿੱਚ ਸਰਬੋਤਮ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਸੋਨੇ ਦੇ ਕੈਂਠਿਆਂ ਨਾਲ ਨਿਵਾਜ਼ਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੇ ਦੱਸਿਆ ਕਿ ਇਸ ਮੌਕੇ ਮਨੋਰੰਜਨ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਵੀ ਇਸ ਕਬੱਡੀ ਕੱਪ ਅਤੇ ਸੱਭਿਆਚਾਰਕ ਮੇਲੇ ਦੀ ਸ਼ਾਨ ਵਧਾਉਣਗੀਆ।
ਇਸ ਮੌਕੇ ਤੇ ਪੰਜਾਬੀ ਗਾਇਕ ਸਰਬਜੀਤ ਚੀਮਾ,ਗੁਰਵਿੰਦਰ ਬਰਾੜ ਅਤੇ ਪੰਜਾਬੀ ਗਾਇਕ ਅਤੇ ਕਮੇਡੀਅਨ ਕਰਮਜੀਤ ਅਨਮੋਲ ਤੇ ਨਿਸ਼ਾ ਬਾਨੋ ਵੀ ਉਥੇ ਮੌਜੂਦ ਲੋਕਾਂ ਦਾ ਮਨੋਰੰਜਨ ਕਰਨਗੇ। ਦਰਸ਼ਕਾਂ ਲਈ ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਇਸ ਮੌਕੇ ਤੇ ਦਰਸ਼ਕਾਂ ਦੀ ਫ੍ਰੀ ਐਂਟਰੀ ਹੋਵੇਗੀ।
ਜਸਵਿੰਦਰ ਸਿੰਘ ਬਰਾੜ ਨੇ ਟੂਰਨਾਮੈਂਟ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਥੇ ਆਸਟਰੇਲੀਆ ਵਿੱਚ ਆ ਕੇ ਵੀ ਆਪਣੇ ਪੰਜਾਬ ਦੀ ਖੇਡ ਕਬੱਡੀ ਨੂੰ ਕਰਵਾਉਣ ਆਪਣੇ ਆਪ ਵਿੱਚ ਇਕ ਸ਼ਲਾਘਾਯੋਗ ਕੰਮ ਹੈ, ਜਿਹਨਾਂ ਨੇ ਇੱਥੇ ਵਿਦੇਸ਼ ਵਿੱਚ ਆ ਕੇ ਵੀ ਆਪਣੀ ਖੇਡ ਕਬੱਡੀ, ਪੰਜਾਬ ਤੇ ਪੰਜਾਬੀਅਤ ਨੂੰ ਕਾਇਮ ਰੱਖਿਆ ਹੈ।