ਕੋਵਿਡ-19 ਮਹਾਂਮਾਰੀ ਦੌਰਾਨ ਮਿਲਕ ਪਲਾਂਟ ਵੇਰਕਾ ਨੇ ਘੱਟ ਰੇਟ ਤੇ ਲੋਕਾਂ ਨੂੰ ਦੁੱਧ ਕਰਵਾਇਆ ਮੁਹੱਈਆਂ
1.5 ਲਿਟਰ ਫੁਲ ਕਰੀਮ ਦੁੱਧ ਘੱਟ ਰੇਟ ਦਾ ਪੈਕੇਟ ਕੀਤਾ ਲਾਂਚ ਵੇਰਕਾ ਪਲਾਂਟ ਦਾ ਕੀਤਾ ਨਰੀਖਣ
ਅੰਮ੍ਰਿਤਸਰ 24 ਜੁਲਾਈ (ਵਿਸ਼ਵ ਵਾਰਤਾ)- ਮਿਲਕ ਪਲਾਂਟ ਵੇਰਕਾ ਇਕ ਸਹਿਕਾਰੀ ਅਦਾਰਾ ਹੈ ਜੋ ਮੁੱਢ ਤੋ ਹੀ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਆ ਰਿਹਾ ਹੈ ਅਤੇ ਫੂਡ ਸੇਫਟੀ ਮਾਪਢੰਡਾਂ ਉਤੇ ਖਰਾ ਉੋਤਰਦੇ ਹੋਏ ਪੰਜਾਬ ਦੇ ਲੋਕਾਂ ਨੂੰ ਵਧੀਆਂ ਗੁਣਵਤਾ ਵਾਲਾ ਦੁੱਧ ਅਤੇ ਦੁੱਧ ਪਦਾਰਥ ਮੁਹੱਈਆ ਕਰਵਾ ਰਿਹਾ ਹੈ।
ਇਸੇ ਹੀ ਲੜੀ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਵੇਰਕਾ ਦਾ 1.5 ਲਿਟਰ ਫੁਲ ਕਰੀਮ ਦੁੱਧ ਦਾ ਸਿਰਫ 80 ਰੁਪਏ ਵਿਚ ਪੈਕੇਟ ਲਾਂਚ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਤਹਿਤ ਵੇਰਕਾ ਵੱਲੋਂ ਵੀ ਅਹਿਮ ਰੋਲ ਨਿਭਾਇਆ ਜਾ ਰਿਹਾ ਹੈ ਅਤੇ ਕੋਵਿਡ-19 ਮਹਾਂਮਾਰੀ ਦੌਰਾਨ ਵੇਰਕਾ ਵਲੋ ਘੱਟ ਰੇਟਾਂ ਤੇ ਖਪਤਕਾਰਾਂ ਨੂੰ ਦੁੱਧ ਮੁਹੱਈਆ ਕਰਵਾਇਆ ਹੈ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਉਨਾਂ ਦੱਸਿਆ ਕਿ ਲਾਕਡਾਊਨ ਦੋਰਾਨ ਕਾਰੋਬਾਰ ਵਿਚ ਮੰਦੀ ਦੇ ਚਲਦਿਆਂ ਲੋਕਾਂ ਦੀ ਆਰÎਥਿਕਤਾ ਨੂੰ ਭਾਰੀ ਸੱਟ ਲੱਗੀ ਹੈ ਅਤੇ ਵੇਰਕਾ ਨੇ ਲੋਕਾਂ ਦੀ ਜੇਬ ਤੇ ਪੈ ਰਹੇ ਭਾਰ ਨੂੰ ਘਟਾਉਣ ਲਈ 80 ਰੁਪਏ ਵਿਚ 1.5 ਲਿਟਰ ਦੁੱਧ ਦਾ ਪੈਕੇਟ ਲਾਂਚ ਕੀਤਾ ਹੈ। ਉਨਾਂ ਦੱਸਿਆ ਕਿ ਵੇਰਕਾ ਵੱਲੋਂ ਸਸਤੇ ਰੇਟਾਂ ਤੇ ਵਧੀਆ ਕੁਆਲਟੀ ਦੁੱਧ ਮੁਹੱਈਆ ਕਰਵਾਉਣ ਨਾਲ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂਟ ਤੰਦਰੁਸਤ ਪੰਜਾਬ ਅਤੇ ਮਿਸ਼ਨ ਫਤਿਹ ਮੁਹਿੰਮ ਨੂੰ ਵੀ ਚੰਗਾ ਹੁੰਗਾਰਾ ਮਿਲੇਗਾ।
ਇਸ ਮੌਕੇ ਸ੍ਰੀ ਹਿਮਾਂਸ਼ੂ ਅਗਰਵਾਲ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ ਵੀ ਕੀਤਾ ਗਿਆ ਅਤੇ ਦੁੱਧ ਦੀ ਪ੍ਰੋਸੈਸਿੰਗ ਤੋਂ ਲੈ ਕੇ ਦੁੱਧ ਦੀ ਪਰਖ ਤੱਕ ਦਾ ਵੀ ਜਾਇਜਾ ਲਿਆ ਗਿਆ। ਸ੍ਰੀ ਅਗਰਵਾਲ ਨੇ ਵੇਰਕਾ ਪਲਾਂਟ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਨਾਂ ਵੱਲੋਂ ਬੜੇ ਹੀ ਸਾਫ ਸੁਥਰੇ ਢੰਗ ਨਾਲ ਮਸ਼ੀਨਾਂ ਰਾਹੀਂ ਦੁੱਧ ਦੀ ਪੈਕਿੰਗ ਕਰਕੇ ਲੋਕਾਂ ਤੱਕ ਦੁੱਧ ਪਹੁੰਚਾਇਆ ਜਾ ਰਿਹਾ ਹੈ ਤੇ ਵਧੀਆ ਕਿਸਮ ਦੇ ਖਾਧ ਪਦਾਰਥ ਮੁਹੱਈਆ ਕਰਵਾਏ ਜਾ ਰਹੇ ਹਨ।
ਇਸ ਮੌਕੇ ਤੇ ਵੇਰਕਾ ਦੇ ਜਨਰਲ ਮੈਨੇਜਰ ਸ: ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਖੁੱਲੇ ਦੁੱਧ ਦੀ ਜਿਆਦਾ ਵਿਕਰੀ ਹੋ ਰਹੀ ਹੈ ਜੋ ਕਿ ਗੁਣਵਤਾ ਦੇ ਲਿਹਾਜ ਨਾਲ ਠੀਕ ਨਹੀ ਹੈ। ਉਨਾਂ ਕਿਹਾ ਕਿ ਵੇਰਕਾ ਵਲੋ ਖੁੱਲੇ ਦੁੱਧ ਦੇ ਬਦਲ ਵਜੋ ਕਿਫਾਇਤੀ ਰੇਟਾ ਤੇ 1.5 ਲਿਟਰ ਦੁੱਧ ਦਾ ਪੈਕੇਟ ਲਾਂਚ ਕੀਤਾ ਗਿਆ ਹੈ ਜੋ ਕਿ ਲੋਕਾਂ ਨੂੰ 25 ਜੁਲਾਈ ਤੋਂ ਵੇਰਕਾ ਬੂਥਾਂ ਅਤੇ ਰਿਟੇਲ ਪੁਆਇੰਟਾਂ ਤੇ ਉੋਪਲਬੱਧ ਹੋਵੇਗਾ। ਉਨਾਂ ਕਿਹਾ ਕਿ ਵੇਰਕਾ ਦਾ ਸ਼ੁਰੂ ਤੋਂ ਹੀ ਲੋਕਾਂ ਨੂੰ ਵਧੀਆ ਸਮਾਨ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਲੋਕਾਂ ਵੱਲੋਂ ਵੀ ਵੇਰਕਾ ਦੇ ਪਦਾਰਥਾਂ ਨੂੰ ਕਾਫੀ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੇਰਕਾ ਵੱਲੋਂ 10 ਰੁਪਏ ਵਿੱਚ 200 ਗਰਾਮ ਦਹੀ ਦਾ ਪਾਊਚ ਅਤੇ ਸਟੈਂਡਰਡ ਮਿਲਕ 1.5 ਲਿਟਰ ਦੁੱਧ ਦਾ ਪੈਕੇਟ70 ਰੁਪਏ ਵਿੱਚ ਲਾਂਚ ਕੀਤਾ ਗਿਆ ਹੈ ਜਿਸ ਨੂੰ ਲੋਕਾਂ ਵੱਲੋਂ ਕਾਫੀ ਹੁੰਗਾਰਾ ਮਿਲਿਆ ਹੈ।