ਮਾਲਵਾ ਪੱਟੀ ਵਿਚ ਮੀਂਹ ਨੇ ਲਹਿਰਾਂ-ਬਹਿਰਾਂ ਲਾਈਆਂ, ਕਿਸਾਨਾਂ ਨੂੰ ਪਛੇਤਾ ਝੋਨਾ ਲਾਉਣ ਦੀਆਂ ਠਾਠਾਂ ਆਈਆਂ
ਮਾਨਸਾ, 20 ਜੁਲਾਈ : ਮਾਲਵਾ ਪੱਟੀ ਵਿਚ ਮੀਂਹ ਨੇ ਅੱਜ ਲਹਿਰਾਂ-ਬਹਿਰਾਂ ਲਾ ਦਿੱਤੀਆਂ ਹਨ। ਦੁਪਹਿਰ ਪੈਣ ਲੱਗੇ ਮੀਂਹ ਦੇ ਡਿੱਗੇ ਅੰਬਰੀ ਪਾਣੀ ਕਾਰਨ ਖੇਤਾਂ ਵਿਚ ਦੂਰ ਤੱਕ ਅੱਜ ਨੂਰ ਚਮਕਦਾ ਰਿਹਾ। ਨਿਰਮਲ ਪਾਣੀ ਨੇ ਫਸਲਾਂ ਨੂੰ ਧੋ ਨਿਖਾਰ ਦਿੱਤਾ ਹੈ। ਖੇਤੀਬਾੜੀ ਵਿਭਾਗ ਅਤੇ ਖੇਤੀ ਯੂਨੀਵਰਸਿਟੀ ਨੇ ਇਸ ਮੀਂਹ ਨੂੰ ਫਸਲਾਂ ਲਈ ਸਭ ਤੋਂ ’ਸਰਵੋਤਮ ਟਾਨਿਕ’ ਕਰਾਰ ਦਿੱਤਾ ਹੈ।
ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਇਸ ਵਰਖਾ ਨੇ ਹੁਣ ਤਪੀ ਪਈ ਧਰਤੀ ਬਰਫ਼ ਵਾਂਗ ਠਾਰ ਦਿੱਤਾ ਹੈ। ਅਜਿਹੇ ਠੰਡੇ ਮੌਸਮ ਦਾ ਸਭ ਤੋਂ ਵੱਧ ਮੁਨਾਫ਼ਾ ਨਰਮੇ ਦੀ ਫ਼ਸਲ ਸਮੇਤ ਪਸ਼ੂਆਂ ਦੇ ਹਰੇ ਚਾਰੇ ਅਤੇ ਸਬਜ਼ੀਆਂ ਨੂੰ ਦੱਸਿਆ ਗਿਆ ਹੈ,ਜੋ ਸੂਰਜ ਦੀ ਤੇਜ਼ ਤਪਸ਼ ਕਾਰਨ ਸੜਨ ਕਿਨਾਰੇ ਖੜ੍ਹੀਆਂ ਸਨ।
ਬੇਸ਼ੱਕ ਖੇਤੀਬਾੜੀ ਵਿਭਾਗ ਨੇ ਇਸ ਮੀਂਹ ਨੂੰ ਦੱਖਣੀ ਪੰਜਾਬ ਦੇ ਗੈਰ ਸਿੰਜਾਈ ਰਕਬੇ ਵਿਚ ਸਾਉਣੀ ਦੀਆਂ ਫਸਲਾਂ ਦੇ ਬੀਜਣ ਦੇ ਲਾਇਕ ਦੱਸਿਆ ਹੈ, ਅਤੇ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਇਹ ਬਰਸਾਤ ਅਗਲੇ ਦਿਨਾਂ ਵਿਚ ਖੇਤਾਂ ਵਿਚ ਖੁਸ਼ੀਆਂ-ਖੇੜੇ ਲਿਆਉਣ ਦੇ ਲਾਇਕ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਦੱਸਿਆ ਕਿ ਸਹੀ ਸਮੇਂ ‘ਤੇ ਵਰ੍ਹੇ ਇਸ ਮੀਂਹ ਨੇ ਕਿਸਾਨਾਂ ਦੇ ਵਾਰੇ-ਨਿਆਰੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਦਾ ਡੀਜ਼ਲ ਅਤੇ ਬਿਜਲੀ ਦੇ ਰੂਪ ਵਿਚ ਮੱਚਣ ਵਾਲਾ ਲੱਖਾਂ ਰੁਪਏ ਦਾ ਫਾਇਦਾ ਹੋ ਗਿਆ ਹੈ।
ਉਧਰ ਅੱਜ ਦੇ ਮੀਂਹ ਕਾਰਨ ਸ਼ਾਮ ਨੂੰ ਮਾਲਵਾ ਪੱਟੀ ਦੇ ਲਗਭਗ ਸਾਰ ਸੜਕੀ ਰੂਟਾਂ ਤੋਂ ਲੰਘਦਿਆਂ ਪਤਾ ਲੱਗਦਾ ਹੈ, ਕਿਸਾਨਾਂ ਨੇ ਆਪਣੇ ਵਾਲੇ ਟਿਊਬਵੈਲ ਬੰਦ ਕੀਤੇ ਹੋਏ ਹਨ ਅਤੇ ਹਰ ਮੋਟਰ ਉਪਰਲੀ ਪਾਣੀ ਦੀ ਧਾਰ ਅੱਜ ਡਿੱਗਣ ਤੋਂ ਪਹਿਲੀ ਵਾਰ ਬੰਦ ਹੋਈ ਵਿਖਾਈ ਦਿੰਦੀ ਹੈ। ਅਨੇਕਾਂ ਥਾਵਾਂ ਉਤੇ ਕਿਣਮਿਣ ਬੰਦ ਹੋਣ ਉਤੇ ਕਿਸਾਨ ਪਸ਼ੂਆਂ ਦੇ ਹਰੇ ਚਾਰੇ, ਝੋਨੇ ਦੀ ਪਨੀਰੀ ਸਬਜੀਆਂ ਅਤੇ ਕਿਤੇ-ਕਿਤੇ ਨਰਮੇ ਦੀ ਵੱਡੀ ਫਸਲ ਉਤੇ ਯੂਰੀਆਂ ਰੇਹ ਦਾ ਛਿੱਟਾ ਮਾਰਿਆ ਜਾ ਰਿਹਾ ਸੀ।