ਮਾਨ ਮੰਤਰੀ ਮੰਡਲ ਵਿੱਚ ਪਹਿਲਾ ਵਿਸਥਾਰ ਅੱਜ;ਰਾਜਪਾਲ ਕੋਲ ਪਹੁੰਚੀ ਮੰਤਰੀ ਬਣਨ ਵਾਲੇ ਵਿਧਾਇਕਾਂ ਦੀ ਸੂਚੀ
ਪੜ੍ਹੋ ਕਿਹੜੇ ਵਿਧਾਇਕ ਨੂੰ ਮਿਲੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਲਈ ਰਾਜਭਵਨ ਪਹੁੰਚਣ ਦੀ ਚਿੱਠੀ?
ਜਾਣੋ ਮਾਨ ਮੰਤਰੀ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣ ਜਾ ਰਹੇ ਨਵੇਂ ਚਿਹਰਿਆਂ ਦੇ ਬਾਰੇ ਵਿੱਚ
ਚੰਡੀਗੜ੍ਹ,4 ਜੁਲਾਈ(ਵਿਸ਼ਵ ਵਾਰਤਾ)-ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਆਪਣੀ ਵਜ਼ਾਰਤ ਦਾ ਪਹਿਲਾ ਵਿਸਥਾਰ ਕੀਤਾ ਜਾ ਰਿਹਾ ਹੈ।ਨਵੇਂ ਮੰਤਰੀ ਅੱਜ ਸ਼ਾਮ ਨੂੰ 5 ਵਜੇ ਪੰਜਾਬ ਰਾਜ ਭਵਨ,ਚੰਡੀਗੜ੍ਹ ਵਿਖੇ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਤੋਂ ਲੈ ਕੇ ਨਵੇਂ ਮੰਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਗੱਡੀਆਂ ਅਤੇ ਪਾਈਲਟ ਜਿਪਸੀਆਂ ਤੱਕ,ਲਗਭਗ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਭਾਵੇਂ ਅਜੇ ਤੱਕ ਅਧਿਕਾਰਤ ਤੌਰ ਤੇ ਨਵੇਂ ਮੰਤਰੀਆਂ ਦਾ ਐਲਾਨ ਤਾਂ ਨਹੀਂ ਕੀਤਾ ਗਿਆ ਪਰ ਜਾਣਕਾਰੀ ਅਨੁਸਾਰ ਮੰਤਰੀ ਬਣਨ ਵਾਲੇ ਸਾਰੇ ਵਿਧਾਇਕਾਂ ਦੀ ਸੂਚੀ ਰਾਜਪਾਲ ਨੂੰ ਭੇਜ ਦਿੱਤੀ ਗਈ ਹੈ। ਸੂਚੀ ਅਨੁਸਾਰ ਜਿਹਨਾਂ 5 ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਰਿਹਾ ਹੈ ਉਹਨਾਂ ਵਿੱਚ ਅਮਨ ਅਰੋੜਾ,ਅਨਮੋਲ ਗਗਨ ਮਾਨ,ਚੇਤਨ ਸਿੰਘ ਜੌੜਾਮਾਜਰਾ,ਡਾ.ਇੰਦਰਬੀਰ ਸਿੰਘ ਨਿੱਝਰ ਅਤੇ ਫੌਜਾ ਸਿੰਘ ਸਰਾਰੀ ਸ਼ਾਮਿਲ ਹਨ।
ਅਮਨ ਅਰੋੜਾ ਸੁਨਾਮ ਤੋਂ ਦੂਜੀ ਵਾਰ ਵਿਧਾਇਕ ਬਣੇ ਹਨ। ਉਹਨਾਂ ਨੇ ਪਿਛਲੀਆਂ ਚੋਣਾਂ ਮੁੱਖ ਮੰਤਰੀ ਭਗਵੰਤ ਮਾਨ ਨਾਲੋਂ ਵੀ ਵੱਝ,75 ਹਜ਼ਾਰ ਵੋਟਾਂ ਦੀ ਵੱਡੀ ਲੀਡ ਨਾਲ ਜਿੱਤੀਆਂ ਸਨ। ਇਸ ਦੇ ਨਾਲ ਹੀ ਵਿਧਾਨ ਸਭਾ ਹਲਕਾ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਇੱਕ ਮਸ਼ਹੂਰ ਪੰਜਾਬੀ ਗਾਇਕਾ ਹਨ। ਉਹ ‘ਆਪ’ ਦੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਰਹਿ ਚੁੱਕੇ ਹਨ ਅਤੇ ਉਹਨਾਂ ਨੇ ਚੋਣ ਪ੍ਰਚਾਰ ਦੌਰਾਨ ‘ਕੇਜਰੀਵਾਲ ਐਂਥਮ’ ਵੀ ਗਾਇਆ ਸੀ। ਵਿਧਾਇਕ ਬਣਨ ਤੋਂ ਬਾਅਦ ਉਹ ਸਰਗਰਮੀ ਨਾਲ ਕੰਮ ਕਰ ਰਹੇ ਹਨ।
ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਝਰ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਪ੍ਰੋ ਟੈਮ ਸਪੀਕਰ ਬਣਾਇਆ ਗਿਆ। ਹਾਲਾਂਕਿ ਬਾਅਦ ਵਿੱਚ ਕੁਲਤਾਰ ਸੰਧਵਾਂ ਸਪੀਕਰ ਬਣੇ। ਮੌਜੂਦਾ ਸਮੇਂ ਵਿਚ ਉਹ ਚੀਫ ਖ਼ਾਲਸਾ ਦੀਵਾਨ ਦੇ ਮੁਖੀ ਹਨ। ਸਿੱਖ ਸਿਆਸਤ ਦੇ ਨਜ਼ਰੀਏ ਤੋਂ ਅੰਮ੍ਰਿਤਸਰ ਅਹਿਮ ਕੇਂਦਰ ਹੈ, ਇਸ ਲਈ ਉਹਨਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਪਟਿਆਲਾ ਦੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਚੋਣ ਜਿੱਤਣ ਤੋਂ ਬਾਅਦ ਉਹ ਬਹੁਤ ਮਸ਼ਹੂਰ ਹਨ ਅਤੇ ਉਹਨਾਂ ਨੇ ਚੋਣ ਲੜਨ ਤੋਂ ਪਹਿਲਾਂ ਦੱਖਣੀ ਕੋਰੀਆ ਵਿੱਚ 7 ਸਾਲ ਦਿਹਾੜੀ ਕੀਤੀ ਹੈ। ਇਸ ਦੇ ਨਾਲ ਹੀ ਵਾਪਸ ਆਉਣ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਆਪਣੀ ਜਾਨ ‘ਤੇ ਖੇਡ ਕੇ ਲੜਕੀ ਨੂੰ ਅਗਵਾ ਹੋਣ ਤੋਂ ਬਚਾਇਆ।
ਫਿਰੋਜ਼ਪੁਰ ਦੇ ਗੁਰੂਹਰਸਹਾਏ ਤੋਂ ਐੱਮਐੱਲਏ ਫੌਜਾ ਸਿੰਘ ਸਰਾਰੀ ਪੰਜਾਬ ਪੁਲਿਸ ਦੇ ਸੇਵਾਮੁਕਤ ਇੰਸਪੈਕਟਰ ਹਨ ਅਤੇ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਗੁਰੂਹਰਸਹਾਏ ਤੋਂ ਵਿਧਾਇਕ ਹਨ। ਇਸ ਲਈ ਸਰਕਾਰ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਸਮਾਣਾ ਤੋ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੂੰ ਅੱਜ ਸ਼ਾਮ 5 ਵਜੇ ਪੰਜਾਬ ਰਾਜ ਭਵਨ ਵਿਖੇ ਪਹੁੰਚ ਕੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਲਈ ਵੀ ਕਿਹਾ ਗਿਆ ਹੈ।