ਮਾਨਸਾ ਜ਼ਿਲ੍ਹੇ ਦੀਆਂ ਤਿੰਨਾਂ ਸੀਟਾਂ ਤੇ ਆਮ ਆਦਮੀ ਪਾਰਟੀ ਨੇ ਕੀਤੀ ਜਿੱਤ ਪ੍ਰਾਪਤ
ਸਿੱਧੂ ਮੂਸੇਵਾਲਾ ਦੀ 62723ਵੋਟਾਂ ਦੇ ਵੱਡੇ ਫ਼ਰਕ ਨਾਲ ਹਾਰ
ਚੰਡੀਗੜ੍ਹ,10 ਮਾਰਚ(ਵਿਸ਼ਵ ਵਾਰਤਾ)-ਮਾਨਸਾ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਦੇ ਝਾੜੂ ਨੂੰ ਹੁੰਝਾ ਫੇਰ ਜਿੱਤ ਪ੍ਰਾਪਤ ਹੋਈ ਹੈ, ਜ਼ਿਲ੍ਹੇ ਦੀਆਂ ਤਿੰਨੇ ਸੀਟਾਂ ਉਤੇ ਪਾਰਟੀ ਦੇ ਉਮੀਦਵਾਰ ਵੱਡੇ ਫ਼ਰਕ ਨਾਲ ਜੇਤੂ ਰਹੇ ਹਨ। ਇਥੇ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਰੀ ਅੰਤਰ ਨਾਲ ਹਾਰ ਗਏ ਹਨ, ਜਦੋਂ ਕਿ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ ਦੋ ਰਵਾਇਤੀ ਵਿਰੋਧੀ ਮੋਫ਼ਰ ਅਤੇ ਭੂੰਦੜ ਪਰਿਵਾਰ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਵਿਜੈ ਸਿੰਗਲਾ ਨੇ 62723 ਦੇ ਵੱਡੇ ਫ਼ਰਕ ਨਾਲ ਹਰਾਇਆ। ਜੇਤੂ ਉਮੀਦਵਾਰ ਡਾ.ਵਿਜੈ ਸਿੰਗਲਾ ਨੂੰ 99200 ਵੋਟਾਂ ਹਾਸਲ ਹੋਈਆਂ, ਜਦੋਂ ਕਿ ਸਿੱਧੂ ਮੂਸੇਵਾਲਾ ਨੂੰ 36477 ਵੋਟਾਂ ਹੀ ਮਿਲ ਸਕੀਆਂ ਹਨ।
ਜ਼ਿਲ੍ਹੇ ਦੇ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਬਣਾਂਵਾਲੀ 41027 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ ਹਨ, ਦੂਜੇ ਸਥਾਨ ਉੱਪਰ ਕਾਂਗਰਸ ਪਾਰਟੀ ਦੇ ਬਿਕਰਮ ਸਿੰਘ ਮੋਫ਼ਰ ਆਏ ਹਨ, ਜਿੰਨਾਂ ਨੂੰ 34311 ਵੋਟਾਂ ਮਿਲੀਆਂ ਹਨ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਿਲਰਾਜ ਸਿੰਘ ਭੂੰਦੜ ਨੂੰ 31577 ਵੋਟਾਂ ਹਾਸਲ ਹੋਈਆਂ ਹਨ।
ਇਸੇ ਤਰ੍ਹਾਂ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਬੁੱਧਰਾਮ ਨੇ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਨਿਸ਼ਾਨ ਸਿੰਘ ਨੂੰ 51183 ਵੱਡੇ ਫ਼ਰਕ ਨਾਲ ਹਰਾਇਆ।ਸਾਰੇ ਰਾਊਂਡ ਗਿਣਨ ਤੋਂ ਬਾਅਦ ਜੇਤੂ ਉਮੀਦਵਾਰ ਪ੍ਰਿੰਸੀਪਲ ਬੁੱਧਰਾਮ ਨੂੰ 87467 ਵੋਟਾਂ ਹਾਸਲ ਹੋਈਆਂ, ਜਦੋਂ ਕਿ ਡਾ. ਨਿਸ਼ਾਨ ਸਿੰਘ ਨੂੰ 36284 ਵੋਟਾਂ ਹੀ ਮਿਲ ਸਕੀਆਂ ਹਨ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਰਣਬੀਰ ਕੌਰ ਮੀਆਂ ਨੂੰ 21375 ਵੋਟਾਂ ਹੀ ਹਾਸਲ ਹੋਈਆਂ।