3471 ਪੇਟੀਆਂ ਸ਼ਰਾਬ ਕੀਤੀਆਂ ਬਰਾਮਦ
ਮਾਨਸਾ, 20 ਮਾਰਚ( ਵਿਸ਼ਵ ਵਾਰਤਾ)-ਮਾਨਸਾ ਪੁਲੀਸ ਨੇ ਜ਼ਿਲ੍ਹੇ ਵਿੱਚ ਚੱਲਦੇ ਇੱਕ ਗੈਰ-ਮੰਨਜ਼ੂਰਸ਼ੁਦਾ ਸ਼ਰਾਬ ਦੇ ਠੇਕੇ ਨੂੰ ਫੜਿਆ ਹੈ, ਜਿਸ ਵਿੱਚ 3471 ਪੇਟੀਆਂ(41652 ਬੋਤਲਾਂ) ਸ਼ਰਾਬ ਪੁਲੀਸ ਦੇ ਹੱਥ ਲੱਗਣ ਦੀ ਜਾਣਕਾਰੀ ਮਿਲੀ ਹੈ। ਪੁਲੀਸ ਨੇ ਇਸ ਸ਼ਰਾਬ ਨੂੰ ਕਬਜ਼ੇ ਵਿੱਚ ਲੈਕੇ ਠੇਕੇਦਾਰਾਂ ਖਿਲਾਫ਼ ਵਿਭਾਗੀ ਕਾਰਵਾਈ ਕਰਨ ਦਾ ਰਾਹ ਖੋਲ੍ਹ ਲਿਆ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਦੇਰ ਸ਼ਾਮ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਦੱਸਿਆ ਕਿ ਇਸ ਜ਼ਿਲ੍ਹਾ ਪੁਲੀਸ ਨੂੰ ਗੁਪਤ ਤੌਰ ‘ਤੇ ਜਾਣਕਾਰੀ ਮਿਲੀ ਕਿ ਕੁੱਝ ਨਾਮਲੂਮ ਵਿਅਕਤੀਆਂ ਵੱਲੋਂ ਪਿੰਡ ਖੈਰਾ ਕੈਂਚੀਆਂ ਵਿਖੇ ਬਣੀਆਂ ਦੁਕਾਨਾਂ ਵਿੱਚ ਬਿਨਾਂ ਪਰਮਿਟ ਤੋਂ ਭਾਰੀ ਮਾਤਰਾ ਵਿੱਚ ਸ਼ਰਾਬ ਠੇਕਾ ਦੇਸੀ ਅਤੇ ਬੀਅਰਾਂ ਨੂੰ ਗੈਰ-ਮੰਨਜ਼ੂਰਸ਼ੁਦਾ ਠੇਕੇ ਵਿੱਚ ਰੱਖਕੇ ਬਿਨਾਂ ਆਗਿਆ ਤੋਂ ਵੇਚਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਮੌਕੇ ‘ਤੇ ਰੇਡ ਕਰਕੇ ਉਥੇ ਬੈਠੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਸ ਪਾਸੋਂ 3471 ਪੇਟੀਆ (2823 ਪੇਟੀਆ ਜੁਗਨੀ, ਸੌਫੀਆ, ਤਮੰਨਾ, ਖੁਸਬੂ, ਸੌਫੀਆ ਨੰ:1, ਲਾਜੁਵਾਬ ਸੌਫੀਆ ਮਾਰਕਾ ਪੰਜਾਬ+648 ਪੇਟੀਆ ਬੀਅਰ) ਸ਼ਰਾਬ ਠੇਕਾ ਦੇਸੀ ਸਮੇਤ ਗੱਡੀ ਬਲੈਰੋ ਕੈਪਰ ਨੰ: ਪੀਬੀ.03ਬੀਏ-5760 ਨੂੰ ਬਰਾਮਦ ਕਰਕੇ ਕਬਜਾ ਕਰਕੇ ਮਾਮਲਾ ਦਰਜ ਕਰ ਲਿਆ ਗਿਆ।ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਟਹਿਲ ਸਿੰਘ ਵਾਸੀ ਝੁਨੀਰ ਅਤੇ ਮਨੋਜ ਕੁਮਾਰ ਵਾਸੀ ਨੰਗਲਾ ਜੱਗਰਾ(ਉਤਰਪ੍ਰਦੇਸ਼) ਵਜੋਂ ਹੋਈ ਹੈ।ਉਨ੍ਹਾਂ ਦੱਸਿਆ ਕਿ ਭਲਕੇ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿੰਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਨਾਲ ਹੋਰ ਕਿੰਨਾਂ-ਕਿੰਨਾਂ ਵਿਅਕਤੀਆਂ ਦੀ ਸਮੂਲੀਅਤ ਹੈ ਅਤੇ ਇਹ ਧੰਦਾ ਕਦੋਂ ਤੋਂ ਚਲਾਇਆ ਹੋਇਆ ਸੀ, ਕਿੱਥੋ ਲੈਕੇ ਆਉਂਦੇ ਸੀ ਅਤੇ ਅੱਗੇ ਕਿੱਥੇ-ਕਿੱਥੇ ਸਪਲਾਈ ਕਰਦੇ ਸੀ।
ਮਾਨਸਾ ਪੁਲੀਸ ਹੁਣ ਇਸ ਥਿਊਰੀ ‘ਤੇ ਕੰਮ ਕਰਨ ਲੱਗੀ ਹੈ ਕਿ ਇਹ ਸ਼ਰਾਬ ਠੇਕੇਦਾਰਾਂ ਵੱਲੋਂ ਕਿਸ ਦੀ ਸ਼ਹਿ ਉਤੇ ਰੱਖੀ ਹੋਈ ਸੀ ਅਤੇ ਇੱਥੋਂ ਇਸ ਸ਼ਰਾਬ ਨੂੰ ਕਿਸੇ ਬਾਹਰਲੇ ਸੂਬੇ ਗੁਜਰਾਤ ਜਾਂ ਯੂ.ਪੀ ਵਿੱਚ ਤਾਂ ਨਹੀਂ ਭੇਜੀ ਜਾ ਰਹੀ ਸੀ। ਪੁਲੀਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਕੇ ਇਸ ਦੀ ਪੜਤਾਲ ਡੂੰਘਾਈ ਕੀਤੀ ਜਾਣ ਲੱਗੀ ਹੈ ਅਤੇ ਇਸ ਵਿੱਚ ਐਕਸਾਈਜ਼ ਵਿਭਾਗ ਦੇ ਰੋਲ ਨੂੰ ਵੀ ਬਰੀਕੀ ਨਾਲ ਵੇਖਿਆ ਜਾਣ ਲੱਗਾ ਹੈ।
ਦਿਲਚਸਪ ਗੱਲ ਹੈ ਕਿ ਇਸ ਜ਼ਿਲ੍ਹੇ ਵਿੱਚ ਸ਼ਰਾਬ ਦੇ ਠੇਕੇਦਾਰਾਂ ਨੇ ਘਾਟਾ ਪੈਣ ਕਾਰਨ ਮਿਥੇ ਸਮੇਂ ‘ਤੇ 19 ਵਿਚੋਂ 16 ਸਰਕਲਾਂ ਉਪਰ ਕੋਈ ਵੀ ਆਰਜ਼ੀ ਦਾਖ਼ਲ ਨਹੀਂ ਸੀ ਕੀਤੀ ਗਈ, ਜਦੋਂ ਕਿ ਹੁਣ ਵੱਡੀ ਪੱਧਰ ‘ਤੇ ਫੜੀ ਗਈ ਸ਼ਰਾਬ ਕਾਰਨ ਕਈ ਨਵੇਂ ਮਾਮਲੇ ਉਤਪੰਨ ਹੋਏ ਹਨ।
ਫੋਟੋ ਨੰਬਰ:6