ਮਾਨਸਾ ਨਗਰ ਕੌਂਸਲ ਨੇ ਸ਼ਹਿਰ ਵਿਚੋਂ ਹਟਾਏ ਕੂੜੇ ਦੇ ਦੋ ਪੁਰਾਣੇ ਡੰਪ
ਸ਼ਹਿਰ ਵਿਚ ਹੁਣ ਨਹੀਂ ਰਹਿਣ ਦਿੱਤਾ ਜਾਵੇਗਾ ਕੂੜੇ ਦਾ ਕੋਈ ਵੀ ਢੇਰ : ਪ੍ਰਧਾਨ ਵਿਜੇ ਸਿੰਗਲਾ
ਮਾਨਸਾ, 3 ਮਾਰਚ (ਵਿਸ਼ਵ ਵਾਰਤਾ )-ਨਗਰ ਕੌਂਸਲ ਮਾਨਸਾ ਵਲੋਂ ਸ਼ਹਿਰ ਵਿਚੋਂ ਕੂੜੇ ਦੇ ਡੰਪ ਹਟਾਉਣ ਅਤੇ ਸਫਾਈ ਵਿਵਸਥਾ ਦੀ ਚਲਾਈ ਗਈ ਮੁਹਿੰਮ ਤਹਿਤ ਵਿਦਿਆ ਭਾਰਤੀ ਸਕੂਲ ਲਾਗਿਓ ਅਤੇ ਕਚਹਿਰੀ ਰੋਡ ਤੋਂ ਲੰਬੇ ਸਮੇਂ ਤੋਂ ਬਣੇ ਕੂੜੇ ਦੇ ਡੰਪ ਹਟਾਏ ਗਏ। ਨਗਰ ਕੌਂਸਲ ਨੇ ਇਨ੍ਹਾਂ ਕੂੜੇ ਦੇ ਡੰਪਾਂ ਨੂੰ ਹਟਾਉਣ ਵਾਲੀਆਂ ਜਗ੍ਹਾ ਤੇ ਟਰਾਲੀਆਂ ਖੜ੍ਹੀਆਂ ਕਰਨ ਦੀ ਵਿਵਸਥਾ ਕੀਤੀ ਹੈ। ਜਿਸ ਵਿਚ ਲੋਕ ਕੂੜਾ ਪਾਉਣਗੇ ਅਤੇ ਇਹ ਟਰਾਲੀਆਂ ਸ਼ਹਿਰ ਤੋਂ ਬਾਹਰ ਕੂੜਾ ਲੈ ਕੇ ਜਾਣਗੀਆਂ।
ਸ਼ੁੱਕਰਵਾਰ ਨੂੰ ਵਿਦਿਆ ਭਾਰਤੀ ਸਕੂਲ ਲਾਗਿਓ ਅਤੇ ਨਿਊ ਕੋਰਟ ਰੋਡ ਤੋਂ ਨਗਰ ਕੌਂਸਲ ਦੇ ਪ੍ਰਧਾਨ ਵਿਜੇ ਸਿੰਗਲਾ ਅਤੇ ਸੀਨੀਅਰ ਉਪ ਪ੍ਰਧਾਨ ਸੁਨੀਲ ਕੁਮਾਰ ਨੀਨੂੰ ਦੀ ਅਗਵਾਈ ਵਿਚ ਸ਼ਹਿਰ ਵਿਚੋਂ ਕੂੜੇ ਦੇ ਡੰਪ ਹਟਾਉਣ ਦੀ ਮੁਹਿੰਮ ਚਲਾਈ ਹੈ। ਨਗਰ ਕੌਂਸਲ ਦੀ ਇਸ ਮੁਹਿੰਮ ਦਾ ਕਚਹਿਰੀ ਰੋਡ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਹੈ ਅਤੇ ਕਿਹਾ ਕਿ ਸਫਾਈ ਵਿਵਸਥਾ ਯਕੀਨੀ ਹੋਣ ਅਤੇ ਕੂੜੇ ਦੇ ਡੰਪ ਹਟਾਉਣ ਨਾਲ ਸ਼ਹਿਰੀਆਂ ਨੂੰ ਰਾਹਤ ਮਿਲੇਗੀ। ਸੁਨੀਲ ਕੁਮਾਰ ਨੀਨੂੰ ਦੀ ਅਗਵਾਈ ਵਿਚ ਇਸ ਮੁਹਿੰਮ ਦੀ ਸ਼ੁਰੂਆਤ ਹੋਈ ਹੈ। ਵਿਜੇ ਸਿੰਗਲਾ ਅਤੇ ਸੁਨੀਲ ਨੀਨੂੰ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਥਾਵਾਂ ਤੋਂ ਕੂੜੇ ਦੇ ਡੰਪ ਹਟਾ ਦਿੱਤੇ ਜਾਣਗੇ ਅਤੇ ਹੁਣ ਕੂੜਾ ਸੜਕਾਂ, ਨਾਲੀਆਂ ਵਿਚ ਨਹੀਂ ਖਿੱਲਰੇਗਾ। ਉਨ੍ਹਾਂ ਦੱਸਿਆ ਕਿ ਕੂੜਾ ਡੰਪ ਵਾਲੀਆਂ ਥਾਵਾਂ ਤੇ ਟਰਾਲੀਆਂ ਖੜ੍ਹੀਆਂ ਕੀਤੀਆਂ ਜਾਣਗੀਆਂ ਅਤੇ ਲੋਕ ਇਨ੍ਹਾਂ ਟਰਾਲੀਆਂ ਵਿਚ ਕੂੜਾ ਸੁੱਟਣਗੇ। ਕੋਰਟ ਰੋਡ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਦਿਆਂ ਕਿਹਾ ਕਿ ਲੋਕ ਇਸ ਵਿਚ ਸਹਿਯੋਗ ਦੇਣਗੇ। ਜਦੋਂ ਸ਼ਹਿਰ ਵਿਚ ਸਫਾਈ ਰੁਟੀਨ ਦਾ ਹਿੱਸਾ ਬਣ ਗਈ ਤਾਂ ਬਹੁਤ ਸਾਰੀਆਂ ਮੁਸ਼ਕਿਲਾਂ ਆਪਣੇ ਆਪ ਹਟ ਜਾਣਗੀਆਂ। ਇਸ ਮੌਕੇ ਨਗਰ ਕੌਂਸਲ ਦੇ ਬਰਾਂਡ ਅੰਬੈਸਡਰ ਡਾ. ਸ਼ੇਰ ਜੰਗ ਸਿੰਘ ਸਿੱਧੂ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨਵਲ ਕੁਮਾਰ ਗੋਇਲ, ਰਣਵੀਰ ਸ਼ਰਮਾ, ਕੌਂਸਲਰ ਪ੍ਰਵੀਨ ਟੋਨੀ, ਵਿਸ਼ਾਲ ਗੋਲਡੀ, ਕੰਚਨ ਸੇਠੀ, ਕਮਲੇਸ਼ ਰਾਣੀ, ਰਾਮਪਾਲ ਸਿੰਘ, ਅਜੀਤ ਸਿੰਘ ਸਰਪੰਚ, ਕੁਲਵਿੰਦਰ ਕੌਰ ਮਹਿਤਾ, ਕ੍ਰਿਸ਼ਨਾ ਦੇਵੀ, ਸੰਦੀਪ ਸ਼ਰਮਾ ਆਦਿ ਹਾਜ਼ਰ ਸਨ।