ਮਾਂ ਨੇ ਆਪਣੇ ਹੀ ਤਿੰਨ ਬੱਚਿਆਂ ਦਾ ਕੀਤਾ ਕਤਲ, ਬਾਅਦ ‘ਚ ਕੀਤੀ ਖੁਦਕੁਸ਼ੀ
ਪੜ੍ਹੋ, ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ, 4 ਦਸੰਬਰ(ਵਿਸ਼ਵ ਵਾਰਤਾ)-ਉੱਤਰ ਪ੍ਰਦੇਸ਼ ਦੇ ਮਹੋਬਾ ਦੇ ਕੁਲਪਹਾੜ ਥਾਣਾ ਖੇਤਰ ਤੋਂ ਇਕ ਦਿਲ-ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਕ ਔਰਤ ਨੇ ਆਪਣੇ ਪਤੀ ਨਾਲ ਝਗੜੇ ‘ਚ ਆਪਣੇ ਤਿੰਨ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਖੁਦ ਵੀ ਫਾਹਾ ਲੈ ਕੇ ਆਪਣੀ ਜਾਨ ਗੁਆ ਲਈ। ਪੁਲਸ ਸੁਪਰਡੈਂਟ ਸੁਧਾ ਸਿੰਘ ਨੇ ਦੱਸਿਆ ਕਿ ਕਲਿਆਣ ਸਿੰਘ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਮਹੋਬਾ ਦੇ ਕੁਲਪਹਾੜ ਦੇ ਕਠਵਾਰੀਆ ਇਲਾਕੇ ‘ਚ ਰਹਿੰਦਾ ਸੀ। ਜਾਣਕਾਰੀ ਮਿਲੀ ਹੈ ਕਿ ਕਲਿਆਣ ਸਿੰਘ ਦਾ ਆਪਣੀ ਪਤਨੀ ਸੋਨਮ ਨਾਲ ਕੁਝ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ।
ਸ਼ੁੱਕਰਵਾਰ ਰਾਤ ਕਲਿਆਣ ਸਿੰਘ ਖੇਤ ਗਿਆ ਸੀ, ਸੋਨਮ ਅਤੇ ਉਸ ਦੇ ਤਿੰਨ ਬੱਚੇ ਘਰ ‘ਚ ਸਨ। ਵਾਪਸ ਆਉਣ ਤੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਆਵਾਜ਼ ਦੇਣ ਤੇ ਵੀ ਕੋਈ ਹਰਕਤ ਨਾ ਹੋਣ ਕਾਰਨ ਗੇਟ ਤੋੜਿਆ ਗਿਆ। ਕਮਰੇ ਵਿੱਚ ਉਸਦੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਅਤੇ ਔਰਤ ਦੀ ਲਾਸ਼ ਲਟਕਦੀ ਮਿਲੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਕਲਿਆਣ ਮਜ਼ਦੂਰੀ ਅਤੇ ਖੇਤੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਅਤੇ ਸ਼ੁੱਕਰਵਾਰ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਖੇਤਾਂ ਨੂੰ ਪਾਣੀ ਦੇਣ ਗਿਆ ਸੀ। ਜਿਸ ਦੇ ਜਾਣ ਤੋਂ ਬਾਅਦ ਇਹ ਪੂਰੀ ਘਟਨਾ ਵਾਪਰੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਹੁੰਚੇ ਮ੍ਰਿਤਕ ਦੇ ਭਰਾ ਭਾਨ ਸਿੰਘ ਵਾਸੀ ਨਰੇੜੀ ਨੇ ਦੱਸਿਆ ਕਿ ਦੀਵਾਲੀ ਤੋਂ ਹੀ ਭੈਣ ਅਤੇ ਜੀਜੇ ਵਿਚਾਲੇ ਤਕਰਾਰ ਚੱਲ ਰਿਹਾ ਸੀ।