ਮੋਗਾ ’ਚ ਵੱਡੀ ਵਾਰਦਾਤ
ਮਾਂ ਦੇ ਸਾਹਮਣੇ ਹੀ ਕਤਲ ਕਰ ਦਿੱਤਾ ਜਵਾਨ ਪੁੱਤ
ਚੰਡੀਗੜ੍ਹ, 3ਅਗਸਤ(ਵਿਸ਼ਵ ਵਾਰਤਾ)-ਮੋਗਾ ਦੇ ਪਿੰਡ ਕੋਇਰ ਸਿੰਘ ਵਾਲਾ ਤੋਂ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਇੱਕ 22 ਸਾਲਾ ਨੌਜਵਾਨ ਨੂੰ ਉਸਦੀ ਮਾਂ ਦੇ ਸਾਹਮਣੇ ਦੋ ਨੌਜਵਾਨਾਂ ਨੇ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਵੇਂ ਦੋਸ਼ੀ ਫਰਾਰ ਹੋ ਗਏ। ਮਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਸ ਨੇ ਦੋਵਾਂ ਦੋਸ਼ੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ (22) ਵਾਸੀ ਰੌਂਤਾ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ, ਜਦੋਂਕਿ ਮੁਲਜ਼ਮਾਂ ਦੀ ਪਛਾਣ ਕੋਇਰ ਸਿੰਘ ਵਾਲਾ, ਸੁਖਚੈਨ ਸਿੰਘ ਅਤੇ ਲਵਪ੍ਰੀਤ ਸਿੰਘ, ਵਾਸੀ ਭੋਂਡੀਪੁਰਾ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਦੋਸ਼ੀ ਅਤੇ ਮ੍ਰਿਤਕ ਦੋਸਤ ਸਨ। ਉਹ ਕੁਝ ਦਿਨ ਪਹਿਲਾਂ ਘੁੰਮਣ ਜਾ ਰਹੇ ਸਨ, ਜਿੱਥੇ ਕਾਰ ਵਿੱਚ ਪੈਟਰੋਲ ਲੈਣ ਨੂੰ ਲੈ ਕੇ ਲੜਾਈ ਹੋ ਗਈ ਸੀ। ਇਸ ਦੁਸ਼ਮਣੀ ਵਿੱਚ ਹੀ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਏਐਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ ਅਤੇ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਦੀ ਮਾਂ ਕਰਮਜੀਤ ਕੌਰ ਨੇ ਦੱਸਿਆ ਕਿ 1 ਅਗਸਤ ਨੂੰ ਸਵੇਰੇ 10 ਵਜੇ ਉਹ ਆਪਣੇ ਬੇਟੇ ਦਵਿੰਦਰ ਨਾਲ ਬਾਈਕ ਤੇ ਭਗਤਾ ਭਾਈਕਾ ਜਾ ਰਹੀ ਸੀ। ਬੇਟਾ ਪਿੰਡ ਕੋਇਰ ਸਿੰਘਵਾਲਾ ਦੇ ਕੋਲ ਮੋਬਾਇਲ ਦੀ ਦੁਕਾਨ ਤੇ ਰੁਕਿਆ। ਉੱਥੇ ਸੁਖਚੈਨ ਅਤੇ ਲਵਪ੍ਰੀਤ ਨੇ ਆਉਂਦੇ ਹੀ ਤੇਜ਼ਧਾਰ ਹਥਿਆਰਾਂ ਨਾਲ ਬਾਈਕ ਤੇ ਹਮਲਾ ਕਰ ਦਿੱਤਾ। ਕਰਮਜੀਤ ਕੌਰ ਨੇ ਦੱਸਿਆ ਕਿ ਜਦੋਂ ਉਸਨੇ ਰੌਲਾ ਪਾਇਆ ਤਾਂ ਦੋਸ਼ੀ ਉਥੋਂ ਫਰਾਰ ਹੋ ਗਏ ਤੇ ਲੋਕਾਂ ਦੀ ਮਦਦ ਨਾਲ ਉਸਨੇ ਬੇਟੇ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਉਸਦੇ ਪੁੱਤ ਦੀ ਮੌਤ ਹੋ ਗਈ।