ਮਹਿਲਾ ਪ੍ਰੀਮੀਅਰ ਲੀਗ (WPL) ਦੇ ਪਹਿਲੇ ਸੀਜ਼ਨ ਦਾ ਕੱਲ੍ਹ ਨੂੰ ਹੋਵੇਗਾ ਆਗਾਜ਼
ਚੰਡੀਗੜ੍ਹ,3ਮਾਰਚ(ਵਿਸ਼ਵ ਵਾਰਤਾ)-ਕੱਲ੍ਹ 4 ਮਾਰਚ ਤੋਂ ਮਹਿਲਾ ਪ੍ਰੀਮੀਅਰ ਲੀਗ (WPL) ਦਾ ਪਹਿਲਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਇਸ 23 ਦਿਨਾਂ ਲੀਗ ਵਿੱਚ 5 ਟੀਮਾਂ 20 ਲੀਗ ਅਤੇ ਦੋ ਨਾਕਆਊਟ ਮੈਚ ਖੇਡਣਗੀਆਂ। ਟੂਰਨਾਮੈਂਟ ਦੀ ਸ਼ੁਰੂਆਤ ਸ਼ਨੀਵਾਰ ਸ਼ਾਮ 7:30 ਵਜੇ ਡੀਵਾਈ ਪਾਟਿਲ ਸਟੇਡੀਅਮ ‘ਚ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਨਾਲ ਹੋਵੇਗੀ। ਦੱਸ ਦਈਏ ਕਿ ਮੁਕਾਬਲੇ ਦੇ ਸਾਰੇ 22 ਮੈਚ ਮੁੰਬਈ ਦੇ ਡੀਵਾਈ ਪਾਟਿਲ ਅਤੇ ਬ੍ਰੇਬੋਰਨ ਸਟੇਡੀਅਮ ਵਿੱਚ ਖੇਡੇ ਜਾਣਗੇ। ਮਹਿਲਾ ਪ੍ਰੀਮੀਅਰ ਲੀਗ (WPL) ਦੇ ਪਹਿਲੇ ਸੀਜ਼ਨ ਵਿੱਚ 5 ਟੀਮਾਂ ਖੇਡਦੀਆਂ ਨਜ਼ਰ ਆਉਣਗੀਆਂ। ਇਨ੍ਹਾਂ ਵਿੱਚ ਦਿੱਲੀ ਕੈਪੀਟਲਜ਼ (DC), ਮੁੰਬਈ ਇੰਡੀਅਨਜ਼ (MI), ਰਾਇਲ ਚੈਲੇਂਜਰਜ਼ ਬੈਂਗਲੁਰੂ (RCB), ਗੁਜਰਾਤ ਜਾਇੰਟਸ (GG) ਅਤੇ UP ਵਾਰੀਅਰਜ਼ (UPW) ਸ਼ਾਮਲ ਹਨ। ਮੇਗ ਲੈਨਿੰਗ ਦਿੱਲੀ ਦੀ ਕਪਤਾਨ ਹੈ। ਜਦਕਿ ਮੁੰਬਈ -ਹਰਮਨਪ੍ਰੀਤ ਕੌਰ, ਬੈਂਗਲੁਰੂ -ਸਮ੍ਰਿਤੀ ਮੰਧਾਨਾ, ਗੁਜਰਾਤ -ਬੈਥ ਮੂਨੀ ਅਤੇ ਯੂਪੀ -ਐਲੀਸਾ ਹੀਲੀ ਹਨ। ਇਸ ਤਰ੍ਹਾਂ 3 ਟੀਮਾਂ ਦੀ ਕਮਾਨ ਆਸਟ੍ਰੇਲੀਆਈ ਖਿਡਾਰਨਾਂ ਕੋਲ ਹੈ, ਜਦਕਿ 2 ਟੀਮਾਂ ਦੀ ਕਮਾਂਡ ਭਾਰਤੀ ਮੁਟਿਆਰਾਂ ਸੰਭਾਲਣਗੀਆਂ।