ਮਹਿਲਾ ਪ੍ਰੀਮੀਅਰ ਲੀਗ : ਸੀਜ਼ਨ 2
ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ ਹਰਾ ਕੇ ਕੀਤੀ ਜੇਤੂ ਸ਼ੁਰੂਆਤ
ਚੰਡੀਗੜ੍ਹ, 23 ਫਰਵਰੀ (ਵਿਸ਼ਵ ਵਾਰਤਾ) ਮਹਿਲਾ ਪ੍ਰੀਮੀਅਰ ਲੀਗ ਦੇ ਉਦਘਾਟਨੀ ਮੈਚ ਵਿਚ ਮੁੰਬਈ ਇੰਡੀਅਨਜ਼ ਨੇ ਦਿੱਲੀ ਨੂੰ 4 ਵਿਕਟਾਂ ਨਾਲ ਹਰਾ ਕੇ ਜਿੱਤ ਨਾਲ ਸ਼ੁਰੂਆਤ ਕੀਤੀ। ਮੁੰਬਈ ਨੂੰ ਜਿੱਤ ਲਈ ਆਖਰੀ ਗੇਂਦ ‘ਤੇ 5 ਦੌੜਾਂ ਦੀ ਲੋੜ ਸੀ। ਐਸ ਸੰਜਨਾ ਨੇ ਛੱਕਾ ਲਗਾ ਕੇ ਮੈਚ ਦਾ ਅੰਤ ਕੀਤਾ। ਰੋਮਾਂਚਕ ਮੈਚ ਵਿੱਚ ਮੁੰਬਈ ਵੱਲੋਂ ਯਸਤਿਕਾ ਭਾਟੀਆ ਅਤੇ ਹਰਮਨਪ੍ਰੀਤ ਕੌਰ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਦੋਵਾਂ ਵਿਚਾਲੇ 56 ਦੌੜਾਂ ਦੀ ਸਾਂਝੇਦਾਰੀ ਹੋਈ। ਯਸਤਿਕਾ ਨੇ 57 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਟੀਮ ਨੂੰ ਮੁਸ਼ਕਲ ‘ਚੋਂ ਕੱਢਿਆ। ਜਦਕਿ ਕਪਤਾਨ ਹਰਮਨਪ੍ਰੀਤ ਨੇ 55 ਦੌੜਾਂ ਬਣਾਈਆਂ। ਜਿਸ ਸਮੇਂ ਭਾਰਤੀ ਬੱਲੇਬਾਜ਼ ਆਊਟ ਹੋ ਚੁੱਕੇ ਸਨ, ਟੀਮ ਨੂੰ ਇਕ ਗੇਂਦ ‘ਤੇ ਪੰਜ ਦੌੜਾਂ ਦੀ ਲੋੜ ਸੀ, ਤਦ ਸੰਜਨਾ ਸਾਜੀਵਨ ਨੇ ਜੇਤੂ ਛੱਕਾ ਲਗਾ ਕੇ ਟੀਮ ਨੂੰ ਪਹਿਲੇ ਮੈਚ ‘ਚ ਜਿੱਤ ਦਿਵਾਈ। ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਨ ਆਈ ਦਿੱਲੀ ਕੈਪੀਟਲਸ ਨੇ ਮੁੰਬਈ ਦੇ ਖਿਲਾਫ 20 ਓਵਰਾਂ ‘ਚ ਪੰਜ ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ। ਦਿੱਲੀ ਲਈ ਐਲਿਸ ਕੈਪਸੀ ਨੇ 75 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਥੇ ਹੀ ਜੇਮਿਮਾ ਰੌਡਰਿਗਜ਼ ਨੇ 42 ਦੌੜਾਂ ਬਣਾਈਆਂ। ਹਾਲਾਂਕਿ ਉਹ ਇਸ ਪਾਰੀ ਨੂੰ ਅਰਧ ਸੈਂਕੜੇ ‘ਚ ਨਹੀਂ ਬਦਲ ਸਕੀ। ਕਪਤਾਨ ਮੇਗ ਲੈਨਿੰਗ ਨੇ ਮੁੰਬਈ ਖਿਲਾਫ 31 ਦੌੜਾਂ ਬਣਾਈਆਂ।