ਮਹਿਲਾ ਪ੍ਰੀਮੀਅਰ ਲੀਗ ਦੇ ਦੂਜੇ ਸੀਜ਼ਨ ਦਾ ਅੱਜ ਹੋਵੇਗਾ ਆਗਾਜ਼
ਪਹਿਲਾ ਮੁਕਾਬਲਾ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ
ਚੰਡੀਗੜ੍ਹ,23ਫਰਵਰੀ(ਵਿਸ਼ਵ ਵਾਰਤਾ)- ਮਹਿਲਾ ਪ੍ਰੀਮੀਅਰ ਲੀਗ (WPL) ਦਾ ਦੂਜਾ ਸੀਜ਼ਨ ਅੱਜ ਤੋਂ ਸ਼ੁਰੂ ਹੋਵੇਗਾ। ਪਹਿਲਾ ਮੈਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਬੈਂਗਲੁਰੂ ‘ਚ ਖੇਡਿਆ ਜਾਵੇਗਾ। ਅੱਜ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਦੇ ਸਾਰੇ ਮੈਚ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਅਤੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਜਾਣਗੇ। ਜਦਕਿ ਫਾਈਨਲ 17 ਮਾਰਚ ਨੂੰ ਦਿੱਲੀ ਵਿੱਚ ਖੇਡਿਆ ਜਾਵੇਗਾ। ਇਸ ਸੀਜ਼ਨ ਵਿੱਚ ਟੀਮਾਂ ਦੀ ਗਿਣਤੀ ਵਿੱਚ ਕੋਈ ਬਦਲਾਅ ਨਹੀਂ ਹੋਇਆ। ਪਹਿਲੇ ਸੀਜ਼ਨ ਦੀ ਤਰ੍ਹਾਂ ਇਸ ਸੀਜ਼ਨ ‘ਚ ਵੀ 5 ਟੀਮਾਂ ਕੁੱਲ 22 ਮੈਚ ਖੇਡਣਗੀਆਂ। ਸਾਰੀਆਂ ਟੀਮਾਂ ਗਰੁੱਪ ਗੇੜ ਦੇ ਆਪਣੇ 8 ਮੈਚਾਂ ਵਿੱਚ ਦੋ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਲੀਗ ਰਾਊਂਡ ਤੋਂ ਬਾਅਦ ਸਿਖਰ ‘ਤੇ ਰਹਿਣ ਵਾਲੀ ਟੀਮ ਸਿੱਧੇ ਫਾਈਨਲ ‘ਚ ਪਹੁੰਚ ਜਾਵੇਗੀ, ਜਦਕਿ ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਫਾਈਨਲ ‘ਚ ਜਗ੍ਹਾ ਬਣਾਉਣ ਲਈ ਇਕਲੌਤੇ ਪਲੇਆਫ ਮੈਚ ‘ਚ ਆਹਮੋ-ਸਾਹਮਣੇ ਹੋਣਗੀਆਂ। ਆਖਰੀ ਸਥਾਨ ‘ਤੇ ਰਹਿਣ ਵਾਲੀਆਂ ਦੋ ਟੀਮਾਂ ਸਿੱਧੇ ਤੌਰ ‘ਤੇ ਬਾਹਰ ਹੋ ਜਾਣਗੀਆਂ।
ਜ਼ਿਕਰਯੋਗ ਹੈ ਕਿ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਮੌਜੂਦਾ WPL ਚੈਂਪੀਅਨ ਦੀ ਕਪਤਾਨ ਹੈ। ਹਰਮਨਪ੍ਰੀਤ ਦੀ ਅਗਵਾਈ ‘ਚ ਮੁੰਬਈ ਇੰਡੀਅਨਜ਼ ਨੇ ਪਹਿਲੇ ਸੀਜ਼ਨ ‘ਚ ਖਿਤਾਬ ਜਿੱਤਿਆ ਸੀ। ਇਸ ਵਾਰ ਫਿਰ ਹਰਮਨਪ੍ਰੀਤ ਕੌਰ ਮੁੰਬਈ ਇੰਡੀਅਨਜ਼ ਦੀ ਅਗਵਾਈ ਕਰੇਗੀ। ਮੁੰਬਈ ਇੰਡੀਅਨਜ਼ ਆਪਣੇ ਖਿਤਾਬ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਦੇ ਨਾਲ ਹੀ ਪਹਿਲੇ WPL ਸੀਜ਼ਨ ਦੇ ਫਾਈਨਲ ‘ਚ ਦਿੱਲੀ ਕੈਪੀਟਲਸ ਨੂੰ ਮੁੰਬਈ ਇੰਡੀਅਨਜ਼ ਤੋਂ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੇਗ ਲੈਨਿੰਗ ਨੇ ਮਹਿਲਾ ਪ੍ਰੀਮੀਅਰ ਲੀਗ ਦੇ ਫਾਈਨਲ ਵਿੱਚ ਦਿੱਲੀ ਕੈਪੀਟਲਜ਼ ਦੀ ਅਗਵਾਈ ਕੀਤੀ। ਮੇਗ ਲੈਨਿੰਗ ਇਸ WPL 2024 ਸੀਜ਼ਨ ਵਿੱਚ ਇੱਕ ਵਾਰ ਦਿੱਲੀ ਕੈਪੀਟਲਜ਼ ਦੀ ਕਪਤਾਨੀ ਕਰੇਗੀ।