ਮਹਾਰਾਣੀ ਪਰਨੀਤ ਕੌਰ ਨੇ ਆਡੀਓ ਬ੍ਰਿਜ ਰਾਹੀਂ 8 ਹਜ਼ਾਰ ਵਰਕਰਾਂ ਨਾਲ ਇੱਕੋ ਸਮੇਂ ਕੀਤੀ ਗੱਲਬਾਤ
– ਗਰਮੀ ਦੇ ਬਾਵਜੂਦ ਚੋਣ ਪ੍ਰਚਾਰ ਵਿਚ ਰੁਝੇ ਭਾਜਪਾ ਵਰਕਰਾਂ ਦਾ ਕੀਤਾ ਧੰਨਵਾਦ
ਪਟਿਆਲਾ 27 ਮਈ (ਵਿਸ਼ਵ ਵਾਰਤਾ):- ਪਟਿਆਲਾ ਲੋਕ ਸਭਾ ਸੀਟ ਤੋਂ ਭਾਰਤ ਜਨਤਾ ਪਾਰਟੀ ਦੀ ਉਮੀਦਵਾਰ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ ਨੇ ਸੋਮਵਾਰ ਦੀ ਸਵੇਰ ਆਡੀਓ ਬ੍ਰਿਜ ਰਾਹੀਂ 8 ਹਜ਼ਾਰ ਭਾਜਪਾ ਵਰਕਰਾਂ ਨਾਲ ਇੱਕੋ ਸਮੇਂ ਗੱਲਬਾਤ ਕੀਤੀ। ਵਰਕਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਸਭ ਤੋਂ ਪਹਿਲਾਂ ਪਟਿਆਲਾ ਦੀ ਫਤਿਹ ਰੈਲੀ ਨੂੰ ਸਫਲ ਬਣਾਉਣ ਲਈ ਕੀਤੇ ਯਤਨਾ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਗਰਮੀ ਵਧਣ ਦੇ ਬਾਵਜੂਦ ਭਾਜਪਾ ਦੇ ਵਰਕਰ ਚੋਣ ਪ੍ਰਚਾਰ ਲਈ ਲਗਾਤਾਰ ਕੰਮ ਕਰ ਰਹੇ ਹਨ, ਜਿਸ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਫਤਿਹ ਰੈਲੀ ਨੇ ਲੋਕ ਸਭਾ ਚੋਣਾਂ ਨੂੰ ਪਟਿਆਲਾ ਤੋਂ ਫਤਿਹ ਕਰਕੇ ਦਿਖਾ ਦਿੱਤਾ ਹੈ। ਹੁਣ 1 ਜੂਨ ਨੂੰ ਭਾਜਪਾ ਦੇ ਕਮਲ ਦੇ ਫੁੱਲ ਨੂੰ ਵੋਟ ਪਾ ਕੇ ਪਟਿਆਲਾ ਦੇ ਸੁਨਹਿਰੀ ਭਵਿੱਖ ਦੀ ਨੀਂਹ ਮਜਬੂਤ ਕਰੀਏ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਪਟਿਆਲਾ ਅਤੇ ਫਿਰ ਪੂਰੇ ਪੰਜਾਬ ਦੇ ਨਾਲ-ਨਾਲ ਭਾਰਤ ਨੂੰ ਵਿਕਸਿਤ ਦੇਸ਼ਾਂ ਵਿੱਚ ਸ਼ਾਮਿਲ ਕਰਨ ਦਾ ਜੋ ਸੰਕਲਪ ਲਿਆ ਹੈ, ਉਸ ਨੂੰ ਅਸੀਂ ਵੋਟ ਰਾਹੀਂ ਪੂਰਾ ਕਰ ਸਕਦੇ ਹਾਂ।
ਆਡੀਓ ਬ੍ਰਿਜ ਰਾਹੀਂ 8 ਹਜਾਰ ਵਰਕਰਾਂ ਨਾਲ ਇੱਕੋ ਸਮੇਂ ਗੱਲਬਾਤ ਕਰਦਿਆਂ ਜ਼ੀਰਕਪੁਰ ਇਲਾਕੇ ਦੀ ਇੱਕ ਮਹਿਲਾ ਸਿਮਰਨ ਕੌਰ ਨੇ ਮਹਾਰਾਣੀ ਪਰਨੀਤ ਕੌਰ ਨਾਲ ਗੱਲਬਾਤ ਕਰਦਿਆਂ ਮੰਗ ਕੀਤੀ ਕਿ ਉਸ ਦੇ ਘਰ ਦੀ ਛੱਤ ਡਿੱਗਣ ਵਾਲੀ ਹੈ ਅਤੇ ਉਸਦੀ ਘਰ ਦੀ ਹਾਲਤ ਠੀਕ ਨਹੀਂ ਹੈ। ਜਿਸ ਨੂੰ ਸੁਣਨ ਮਗਰੋਂ ਮਹਾਰਾਣੀ ਪਰਨੀਤ ਕੌਰ ਨੇ ਉਸ ਨੂੰ ਭਰੋਸਾ ਦਿੱਤਾ ਕਿ ਚੋਣਾਂ ਤੋਂ ਤੁਰੰਤ ਬਾਅਦ ਉਸ ਦੇ ਘਰ ਦੀ ਛੱਤ ਬਦਲਵਾਉਣ ਦੇ ਨਾਲ-ਨਾਲ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਅਨੁਸਾਰ ਉਸਨੂੰ ਬਣਦਾ ਲਾਭ ਦਬਾਇਆ ਜਾਵੇਗਾ।
ਭਾਜਪਾ ਨੇਤਾ ਮਹਾਰਾਣੀ ਪਰਨੀਤ ਕੌਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਹੁਣ ਸਿਰਫ ਚਾਰ ਦਿਨ ਬਚੇ ਹਨ ਅਤੇ ਇਹਨਾਂ ਚਾਰ ਦਿਨਾਂ ਵਿੱਚ ਆਪਾਂ ਸਾਰੇ ਰਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਨੂੰ ਸੱਚ ਬਣਾਉਣ ਲਈ ਭਾਜਪਾ ਨੂੰ ਮਜਬੂਤ ਕਰੀਏ। ਉਹਨਾਂ ਕਿਹਾ ਕਿ ਝਾੜੂ ਵਾਲੀ ਸਰਕਾਰ ਜਾਂ ਉਸ ਦੀ ਬੀ ਟੀਮ ਕਾਂਗਰਸ ਪਟਿਆਲਾ ਦੇ ਲੋਕਾਂ ਨਾਲ ਜੋ ਵੀ ਵਾਅਦੇ ਕਰ ਰਹੀ ਹੈ ਉਹਨਾਂ ਕੋਲੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦਾ ਕਾਰਨ ਜਰੂਰ ਪੁੱਛਿਆ ਜਾਵੇ। ਉਹਨਾਂ ਕਿਹਾ ਕਿ ਮਹਿਲਾਵਾਂ ਨੂੰ ਹਰੇਕ ਮਹੀਨੇ ਇਕ ਹਜਾਰ ਰੁਪਏ ਦੇਣ ਦਾ ਵਾਅਦਾ ਕਰਨ ਵਾਲੀ ਝਾੜੂ ਵਾਲੀ ਪਾਰਟੀ ਹੁਣ ਲੋਕਾਂ ਦਾ ਬਕਾਇਆ ਦੇਣ ਮਗਰੋਂ ਹੀ ਆਪਣੇ ਨਵੇਂ ਵਾਅਦੇ ਲੋਕਾਂ ਅੱਗੇ ਰੱਖੇ। ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਜਿਲੇ ਦੇ ਲੋਕਾਂ ਦਾ ਜੋ ਭਰੋਸਾ ਉਹਨਾਂ ਨੂੰ ਪਿਛਲੇ 25 ਸਾਲਾਂ ਵਿੱਚ ਮਿਲਿਆ ਹੈ ਉਸ ਦੀ ਤਾਕਤ ਨਾਲ ਇਸ ਵਾਰ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਤੇ ਵਿੱਚ ਪਟਿਆਲਾ ਲੋਕ ਸਭਾ ਦੀ ਸੀਟ ਜਰੂਰ ਪਾਉਣਗੇ ਤਾਂ ਜੋ ਅਸੀਂ ਜਿਲੇ ਦੇ ਸਾਰੇ ਜਰੂਰੀ ਵਿਕਾਸ ਕਾਰਜਾਂ ਲਈ ਵੱਡੇ ਫੰਡ ਲਿਆ ਸਕੀਏ।