ਮਹਾਂਕੁੰਭ ਵਿੱਚ ਪ੍ਰਵੇਸ਼-ਸ਼ਾਹੀ ਨਾਲ ਹੋਈ ਨਿਰਮਲ ਸੰਪ੍ਰਦਾ ਦੇ ਸਮਾਗਮਾਂ ਦੀ ਆਰੰਭਤਾ
ਸੰਤ ਸੀਚੇਵਾਲ ਨੇ ਕੀਰਤਨ ਰਾਹੀ ਸੰਗਤਾਂ ਨੂੰ ਕੀਤਾ ਨਿਹਾਲ
ਸੁਲਤਾਨਪੁਰ ਲੋਧੀ, 10 ਅਪ੍ਰੈਲ(ਵਿਸ਼ਵ ਵਾਰਤਾ)-ਹਰਿਦੁਆਰ ਵਿੱਚ ਗੰਗਾ ਕਿਨਾਰੇ ਚੱਲ ਰਹੇ ਮਹਾਂ ਕੁੰਭ ਵਿੱਚ ਨਿਰਮਲਾ ਸੰਪ੍ਰਦਾ ਦੀ ਸਮਾਗਮਾਂ ਆਰੰਭਤਾ ਪ੍ਰਵੇਸ਼ ਸ਼ਾਹੀ ਨਾਲ ਹੋਈ। ਸ੍ਰੀ ਪੰਚਾਇਤੀ ਅਖਾੜਾ ਨਿਰਮਲਾ ਕਨਖਲ ਦੀ ਸ਼ਾਖਾ ਏਕੜ ਕਲਾਂ ਤੋਂ ਪ੍ਰਵੇਸ਼-ਸ਼ਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜਾਂ ਪਿਆਰਿਆ ਦੀ ਅਗਵਾਈ ਹੇਠ ਸ਼ੁਰੂ ਹੋਈ ਜਿਹੜੀ ਦੇਰ ਰਾਤ ਨਿਰਮਲ ਛਾਉਣੀ ਸੰਪਨ ਹੋਈ। ਇਸ ਵਿੱਚ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆ ਤੋਂ ਆਏ ਨਿਰਮਲਾ ਸੰਪ੍ਰਦਾ ਨਾਲ ਸਬੰਧਤ ਸਾਧੂ-ਮਹਾਤਮਾ ਸ਼ਾਮਿਲ ਹੋਏ। ਸ੍ਰੀ ਪੰਚਾਇਤੀ ਨਿਰਮਲ ਅਖਾੜਾ ਕਨਖਲ ਦੇ ਸ੍ਰੀਮਹੰਤ ਗਿਆਨੀ ਗਿਆਨ ਦੇਵ , ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਨਿਹੰਗ ਜੱਥੇਬੰਦੀਆਂ ਸਮੇਤ ਹੋਰ ਸਾਧੂ ਸੰਤ ਵੱਡੀ ਗਿਣਤੀ ਵਿੱਚ ਇਸ ਪ੍ਰਵੇਸ਼ ਸ਼ਾਹੀ ਵਿੱਚ ਸ਼ਾਮਿਲ ਹੋਏ।
ਹਰਿਦੁਆਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹੁੰਦੀ ਹੋਈ ਪ੍ਰਵੇਸ਼ ਸ਼ਾਹੀ ਜਦੋਂ ਬਜ਼ਾਰਾਂ ਵਿੱਚੋਂ ਲੰਘੀ ਤਾਂ ਸਵਾਗਤ ਲਈ ਖੜੀਆਂ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ। ਉਤਰਾਖੰਡ ਸਰਕਾਰ ਵੱਲੋਂ ਵੀ ਪ੍ਰਵੇਸ਼ ਸ਼ਾਹੀ ਦੇ ਇਸ ਕਾਫਲੇ ‘ਤੇ ਹੈਲੀਕਾਪਟਰ ਰਾਹੀਂ ਵਾਰ-ਵਾਰ ਫੁੱਲਾਂ ਦੀ ਵਰਖਾ ਕੀਤੀ ਗਈ। ਫੁੱਲਾਂ ਦੇ ਨਾਲ ਖੂਬਸੂਰਤ ਢੰਗ ਨਾਲ ਸਜਾਈ ਗਈ ਪਾਲਕੀ ਖਿੱਚ ਦਾ ਕੇਂਦਰ ਰਹੀ।
ਮਹਾਂ ਕੁੰਭ ਵਿੱਚ ਪ੍ਰਵੇਸ਼ ਸ਼ਾਹੀ ਦੇ ਨਾਲ ਹੀ ਨਿਰਮਲਾ ਅਖਾੜੇ ਦੇ ਸਮਾਗਮਾਂ ਦੀ ਰਸਮੀ ਸ਼ੁਰੂਆਤ ਹੋ ਗਈ ਹੈ। ਅੱਜ ਨਿਰਮਲਾ ਪੰਚਾਇਤੀ ਛਾਉਣੀ ਵਿੱਚ ਨਿਰਮਲਾ ਪੰਥ ਦਾ ਝੰਡਾ ਚੜ੍ਹਾਇਆ ਗਿਆ ਤੇ ਸ੍ਰੀ ਅਖੰਡ ਪਾਠ ਦੀ ਆਰੰਭਤਾ ਹੋਈ। ਪਾਠਾਂ ਦੀ ਇਹ ਲੜੀ 27 ਅਪ੍ਰੈਲ ਤੱਕ ਚੱਲੇਗੀ। ਇਸ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸੇਵਾਦਾਰਾਂ ਵੱਲੋਂ ਗੰਗਾ ਦੇ ਘਾਟਾਂ ਤੇ ਇਸ਼ਨਾਨ ਕੀਤਾ ਗਿਆ। ਗੰਗਾ ਵਿੱਚ ਸ਼ਾਹੀ ਇਸ਼ਨਾਨ ਮੱਸਿਆ, ਸੰਗਰਾਂਦ ਤੇ ਪੁੰਨਿਆ ਵਾਲੇ ਦਿਨ ਹੋਣਗੇ।
ਸ੍ਰੀ ਪੰਚਾਇਤੀ ਅਖਾੜਾ ਨਿਰਮਲਾ ਕਨਖਲ ਦੇ ਸਕੱਤਰ ਦਵਿੰਦਰ ਸਿੰਘ ਸ਼ਾਸ਼ਤਰੀ, ਸੰਤ ਜਸਵਿੰਦਰ ਸਿੰਘ ਸ਼ਾਸ਼ਤਰੀ ਕੋਠਾਰੀ, ਸੰਤ ਅਮਰੀਕ ਸਿੰਘ ਖੁਖਰੈਣ, ਨਿਹੰਗ ਜੱਥੇਬੰਦੀਆਂ ਵਿੱਚੋਂ ਬਾਬਾ ਬਿੱਧੀਚੰਦ ਸੰਪ੍ਰਦਾ ਦੇ ਮੁੱਖੀ ਸੰਤ ਅਵਤਾਰ ਸਿੰਘ ਜੀ ਦੇ ਸਪੁੱਤਰ ਬਾਬਾ ਇੰਦਰਜੀਤ ਸਿੰਘ ਆਪਣੇ ਦਲਬਲ ਤੇ ਹਾਥੀ ਘੋੜਿਆ ਸਮੇਤ ਸ਼ਾਮਿਲ ਹੋਏ। ਬਾਬਾ ਗੁਰਚਰਨ ਸਿੰਘ ਪੰਡਵਾਂ ਹੋਰ ਸਾਧੂ ਮਹਾਤਮਾ ਹਾਜ਼ਰ ਸਨ।